327 ਵਾਂ ਵਿਸਾਖੀ ਤਿਉਹਾਰ 2026: ਲਗਭਗ 3,000 ਸ਼ਰਧਾਲੂਆਂ ਦਾ ਇੱਕ ਸਿੱਖ ਜਥਾ 10-19 ਅਪ੍ਰੈਲ ਤੱਕ ਪਾਕਿਸਤਾਨ ਜਾਣ ਦਾ ਪ੍ਰਸਤਾਵ ਹੈ, ਜੋ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ, ਲਾਹੌਰ ਅਤੇ ਹੋਰ ਥਾਵਾਂ ਨੂੰ ਕਵਰ ਕਰੇਗਾ। ਮੁੱਖ ਸਮਾਰੋਹ 14 ਅਪ੍ਰੈਲ ਨੂੰ ਹੋਵੇਗਾ।

ਕਲਿੱਕ ਕਰੋ ਅਤੇ ਗੁਰਦੁਆਰਾ ਬਾਰੇ ਕੁਝ ਜਾਣਕਾਰੀ

ਗੁਰਦੁਆਰਾ ਜਨਮ ਅਸਥਾਨ (ਨਨਕਾਣਾ ਸਾਹਿਬ)

ਚੜ੍ਹਦੇ ਪੰਜਾਬ ਦਾ ਲਗਭਗ ਹਰ ਸਿੱਖ ਰੋਜ਼ਾਨਾ ਇਹ ਅਰਦਾਸ ਕਰਦਾ ਹੈ ਕਿ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਕਈਆਂ ਦੀਆਂ ਉਮਰਾਂ ਗੁਜ਼ਰ ਜਾਂਦੀਆਂ ਹਨ ਪਰ ਵਿੱਛੜੇ ਗੁਰਧਾਮਾਂ ਦੇ ਦੀਦਾਰ ਨਹੀਂ ਹੋ ਪਾਉਂਦੇ। ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਜਥੇ ਨਾਲ ਪਹਿਲੇ ਪਾਤਸ਼ਾਹ ਦੀ ਜਨਮ ਭੂਮੀ ਅਤੇ ਸਿੱਖਾਂ ਲਈ ਅਤਿ ਸ਼ਰਧਾ ਦੇ ਕੇਂਦਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਦਾ ਸਬੱਬ ਬਣ ਗਿਆ। ਪਹਿਲੇ ਪਾਤਸ਼ਾਹ ਦਾ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਬਹੁਤ ਵੱਡੀ ਤੇ ਖੁੱਲ੍ਹੀ ਜਗ੍ਹਾ ਵਿੱਚ ਬਣਿਆ ਹੋਇਆ ਹੈ।

ਇਸ ਗੁਰਦੁਆਰਾ ਸਾਹਿਬ ਦੀ ਟਹਿਲ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਹਿੱਸੇ ਆਈ ਸੀ। ਮੰਨਿਆ ਜਾਂਦਾ ਹੈ ਕਿ ਪਹਿਲੇ ਪਾਤਸ਼ਾਹ ਨੂੰ ਰੱਬ ਸਰੂਪ ਵੇਖਣ ਵਾਲੇ ਤਲਵੰਡੀ ਦੇ ਹਾਕਮ ਰਾਏ ਬੁਲਾਰ ਜੀ ਨੇ ਆਪਣੀ ਲਗਭਗ 20 ਹਜ਼ਾਰ ਏਕੜ ਜ਼ਮੀਨ ਗੁਰੂ ਸਾਹਿਬ ਦੇ ਨਾਮ ਲਗਵਾਈ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਕਾਫ਼ੀ ਵੱਡਾ ਬਾਜ਼ਾਰ ਹੈ, ਜਿੱਥੋਂ ਦੀਆਂ ਬਹੁਤੀਆਂ ਦੁਕਾਨਾਂ ਦੀ ਮਲਕੀਅਤ ਗੁਰਦੁਆਰਾ ਸਾਹਿਬ ਦੇ ਕੋਲ ਹੀ ਹੈ। ਇੱਥੋਂ ਦੀ ਧਰਤੀ ਦੇ ਕਣ ਕਣ ਵਿੱਚ ਬਾਬਾ ਨਾਨਕ ਦੀ ਖੁਸ਼ਬੋ ਵਸੀ ਹੋਈ ਹੈ।

ਇੱਥੇ ਉਹ ਜੰਡ ਸਾਹਿਬ ਵੀ ਮੌਜੂਦ ਹੈ, ਜੋ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਯਾਦ ਦਿਵਾਉਂਦਾ ਹੈ। ਭਾਈ ਲਛਮਣ ਸਿੰਘ ਅਤੇ ਹੋਰ ਸਿੰਘਾਂ ਨੂੰ ਇਸੇ ਜੰਡ ਹੇਠਾਂ ਸ਼ਹੀਦ ਕੀਤਾ ਗਿਆ ਸੀ। ਅਸਲ ਵਿੱਚ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਹੀ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ। ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਠਹਿਰਨ ਲਈ ਖੁੱਲ੍ਹੀਆਂ-ਡੁੱਲੀਆਂ ਵੱਡੀ ਗਿਣਤੀ tfZਚ ਸਰਾਵਾਂ ਬਣੀਆਂ ਹੋਈਆਂ ਹਨ। ਇੱਥੇ ਬੇਬੇ ਨਾਨਕੀ ਦਾ ਖੂਹ ਵੀ ਮੌਜੂਦ ਹੈ, ਜਿੱਥੋਂ ਉਹ ਪਾਣੀ ਭਰਿਆ ਕਰਦੇ ਸਨ।

ਜਨਮ ਅਸਥਾਨ ਦੇ ਨੇੜੇ ਤੇੜੇ ਹੀ 56 ਹੋਰ ਗੁਰਦੁਆਰਾ ਸਾਹਿਬ ਜਿਵੇਂ ਗੁਰਦੁਆਰਾ ਬਾਲ ਲੀਲਾ ਸਾਹਿਬ ਜਿੱਥੇ ਪਹਿਲੇ ਪਾਤਸ਼ਾਹ ਬਚਪਨ ਵਿੱਚ ਖੇਡਦੇ ਹੁੰਦੇ ਸਨ, ਗੁਰਦੁਆਰਾ ਪੱਟੀ ਸਾਹਿਬ ਜਿੱਥੇ ਗੁਰੂ ਸਾਹਿਬ ਗੋਪਾਲ ਪਾਂਧੇ ਪਾਸ ਪੜ੍ਹਨ ਗਏ ਸਨ, ਗੁਰਦੁਆਰਾ ਮਾਲ ਸਾਹਿਬ ਜਿੱਥੇ ਗੁਰੂ ਸਾਹਿਬ ਮੱਝਾਂ ਚਾਰਦੇ ਹੁੰਦੇ ਸਨ, ਗੁਰਦੁਆਰਾ ਕਿਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੀਆਂ ਮੱਝਾਂ ਨੇ ਜੱਟ ਦੀ ਫ਼ਸਲ ਉਜਾੜ ਦਿੱਤੀ ਸੀ, ਗੁਰਦੁਆਰਾ ਤੰਬੂ ਸਾਹਿਬ ਜਿੱਥੇ ਗੁਰੂ ਸਾਹਿਬ ਸੱਚਾ ਸੌਦਾ ਕਰਨ ਤੋਂ ਬਾਅਦ ਬਿਰਾਜੇ ਸਨ, ਸੁਸ਼ੋਭਿਤ ਹਨ।

ਇੱਥੋਂ ਤਕਰੀਬਨ 45 ਕਿਲੋਮੀਟਰ ਦੂਰ ਫਾਰੂਖਾਬਾਦ ਵਿਖੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਵੀ ਦੀਦਾਰ ਕੀਤੇ। ਇਹ ਗੁਰਦੁਆਰਾ ਸਾਹਿਬ ਬਹੁਤ ਰਮਣੀਕ ਥਾਂ ਵਿੱਚ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦਾ ਸਾਰਾ ਪਰਿਸਰ ਹਰੇ ਭਰੇ ਰੁੱਖਾਂ, ਫੁੱਲਾਂ ਤੇ ਫਲ ਬੂਟਿਆਂ ਨਾਲ ਭਰਿਆ ਪਿਆ ਹੈ। ਇਹੀ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ 20 ਰੁਪਏ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ।

 

ਇਸੇ ਤਰ੍ਹਾਂ ਜਨਮ ਅਸਥਾਨ ਦੇ ਨਾਲ ਹੀ ਇਕ ਗੁਰਦੁਆਰਾ ਬਾਲ ਲੀਲਾ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਬਚਪਨ ਵਿਚ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਸਨ।

ਭਾਵੇਂ ਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣਾ ਪਸੰਦ ਕਰਦੇ ਸਨ ਪਰ ਗੁਰੂ ਸਾਹਿਬ ਜਦੋਂ ਅਕਾਲ ਪੁਰਖ ਦੀ ਸਿਫ਼ਤ ਸਲਾਹ ਗਾਉਂਦੇ ਤਾਂ ਪਿੰਡ ਵਾਲਿਆਂ ਨੂੰ ਗੁਰੂ ਨਾਨਕ ਦੀ ਧੁਨ ਸੁਣ ਕੇ ਬਹੁਤ ਖੁਸ਼ੀ ਹੁੰਦੀ।

ਇਕ ਦਿਨ ਪਿੰਡ ਦਾ ਮੁਖੀ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਗਾਇਨ ਸੁਣ ਰਿਹਾ ਸੀ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਦੱਸਿਆ ਕਿ “ਨਾਨਕ ਇਕ ਆਮ ਬੱਚਾ ਨਹੀਂ ਹੈ, ਉਹ ਲੋਕਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਇਸ ਸੰਸਾਰ ਵਿਚ ਆਇਆ ਹੈ।’’ ਜਦੋਂ ਰਾਏ ਬੁਲਾਰ ਕੁਝ ਖਾਸ ਬੰਦਿਆਂ ਨਾਲ ਗੁਰੂ ਨਾਨਕ ਜੀ ਕੋਲ ਗਏ ਤਾਂ ਗੁਰੂ ਜੀ ਨੇ ਖੜ੍ਹੇ ਹੋ ਕੇ ਰਾਏ ਬੁਲਾਰ ਨੂੰ ਸਤਿਕਾਰ ਦਿੱਤਾ। ਗੁਰੂ ਜੀ ਨੇ ਅਜਿਹੀ ਨਿਮਰਤਾ ਅਤੇ ਬੁੱਧੀ ਨਾਲ ਗੱਲ ਕੀਤੀ ਸੀ ਕਿ ਰਾਏ ਬੁਲਾਰ ਅਤੇ ਉਸ ਦੇ ਸਾਥੀ ਇਹ ਸੁਣ ਕੇ ਹੈਰਾਨ ਹੋ ਗਏ ਸਨ ਕਿ ਛੋਟੀ ਉਮਰ ਦੇ ਬੱਚੇ ਦੇ ਸ਼ਬਦ ਮਨ ਨੂੰ ਮੋਹਣ ਵਾਲੇ ਹਨ।

ਜਿੱਥੇ ਗੁਰੂ ਸਾਹਿਬ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਸਨ, ਓਸ ਪਵਿੱਤਰ ਜਗ੍ਹਾ ’ਤੇ ਅੱਜਕਲ ਗੁਰਦਵਾਰਾ ਬਾਲ ਲੀਲਾ ਸਾਹਿਬ ਸੁਸ਼ੋਭਿਤ ਹੈ। ਗੁਰਦਵਾਰਾ ਬਾਲ ਲੀਲਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਤੋਂ ਤਕਰੀਬਨ 300 ਮੀਟਰ ਦੀ ਦੂਰੀ ’ਤੇ ਸਥਿਤ ਹੈ। ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਮੂਲ ਰੂਪ ਵਿਚ ਪਿੰਡ ਦੇ ਸ਼ਾਸਕ ਰਾਏ ਬੁਲਾਰ ਸਾਹਿਬ ਨੇ ਬਣਾਇਆ ਸੀ। ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਉਸ ਖੇਤਰ ਦੀ ਗਵਾਹੀ ਭਰਦਾ ਹੈ, ਜਿੱਥੇ ਗੁਰੂ ਨਾਨਕ ਦੂਜੇ ਬੱਚਿਆਂ ਦੀ ਸੰਗਤ ਵਿਚ ਖੇਡਦੇ ਹੁੰਦੇ ਸੀ। ਜਿਵੇਂ ਕਿ ਨਾਂ ਤੋਂ ਸਾਫ ਜ਼ਾਹਰ ਹੁੰਦਾ ਹੈ, ਇਹ ਜਗ੍ਹਾ ਗੁਰੂ ਦੇ ਮੁੱਢਲੇ ਬਚਪਨ ਦੇ ਸ਼ਾਨਦਾਰ ਦਿਨਾਂ ਨਾਲ ਸਬੰਧਤ ਹੈ।

 

ਨਨਕਾਣਾ ਸਾਹਿਬ ਦੀ ਇਸ ਪਵਿੱਤਰ ਧਰਤੀ ‘ਤੇ ਸਥਿਤ ਹੈ ਗੁਰਦੁਆਰਾ ਸ਼੍ਰੀ ਪੱਟੀ ਸਾਹਿਬ। ਇਥੇ ਹੀ ਗੁਰੂ ਨਾਨਕ ਸਾਹਿਬ ਦੇ ਮਾਪਿਆਂ ਨੇ ਬਾਲ ਰੂਪ ਵਿੱਚ ਉਹਨਾਂ ਨੂੰ ਪੰਡਿਤ ਗੋਪਾਲ ਦਾਸ ਜੀ ਕੋਲ ਪੜ੍ਹਾਈ ਲਈ ਭੇਜਿਆ। ਪੰਡਿਤ ਜੀ ਤਲਵੰਡੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਦੇਂਦੇ ਸਨ।

ਗੁਰੂ ਨਾਨਕ ਦੇਵ ਜੀ ਕੇਵਲ ਛੇ ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ, ਅਤੇ ਮੌਲਵੀ ਕੁਤਬੁਦੀਨ ਕੋਲ ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਸਿੱਖਣ ਲਈ ਗਏ। ਪਰ ਉਹਨਾਂ ਦੇ ਅਧਿਆਤਮਕ ਗਿਆਨ ਨੇ ਅਧਿਆਪਕਾਂ ਨੂੰ ਹੀ ਅਚਰਜ ਵਿੱਚ ਪਾ ਦਿੱਤਾ। ਇਸੀ ਥਾਂ ਗੁਰੂ ਸਾਹਿਬ ਨੇ ਪੱਟੀ ਬਾਣੀ ਦਾ ਉਚਾਰਨ ਕੀਤਾ, ਜੋ ਗਿਆਨ ਤੇ ਸਮਝ ਦੀ ਮਹੱਤਾ ਬਿਆਨ ਕਰਦੀ ਹੈ। 

ਗੁਰਦੁਆਰਾ ਮਾਲ ਜੀ ਸਾਹਿਬ ਉਸ ਅਸਥਾਨ ਉਤੇ ਸਥਿਤ ਹੈ ਜਿਸ ਅਸਥਾਨ ‘ਤੇ ਗੁਰੂ ਨਾਨਕ ਸਾਹਿਬ ਬਾਲ ਉਮਰੇ ਮੱਝਾਂ ਚਾਰਨ ਜਾਂਦੇ ਸਨ। ਇੱਕ ਪ੍ਰਚਲਿਤ ਸਾਖੀ ਅਨੁਸਾਰ ਗਰਮੀਆਂ ਦੇ ਦਿਨ ਸੀ। ਗੁਰੂ ਜੀ ਹਰ ਰੋਜ ਦੀ ਤਰ੍ਹਾਂ ਅੱਜ ਵੀ ਮੱਝਾਂ ਚਾਰਨ ਲਈ ਗਏ। ਦੁਪਿਹਰ ਹੋਈ ਤਾਂ ਗੁਰੂ ਇੱਕ ਦਰੱਖਤ ਦੀ ਛਾਂ ਥੱਲੇ ਆਰਾਮ ਕਰਨ ਲੱਗੇ। ਥੋੜੇ ਸਮੇਂ ਬਾਅਦ ਗੁਰੂ ਜੀ ਦੀ ਅੱਖ ਲੱਗ ਗਈ। ਦਰੱਖਤ ਦੀ ਛਾਂ ਹੋਲੀ ਹੋਲੀ ਢਲ ਗਈ। ਗੁਰੂ ਜੀ ਦੇ ਮੁੱਖੜੇ ‘ਤੇ ਸੂਰਜ ਦੀਆਂ ਤੇਜ਼ ਕਿਰਨਾਂ ਪੈਣ ਲੱਗੀਆਂ ਤਾਂ ਇੱਕ ਫਨੀਅਰ ਨਾਗ ਨੇ ਗੁਰੂ ਜੀ ਦੇ ਮੁੱਖ ਨੂੰ ਆਪਣੇ ਫਨ ਦੇ ਨਾਲ ਛਾਂ ਕਰ ਦਿੱਤੀ। ਜਿਸ ਨੂੰ ਦੇਖ ਕੇ ਸਭ ਹੀ ਹੈਰਾਨ ਹੋ ਗਏ। ਇਹ ਦਰੱਖਤ ਅੱਜ ਵੀ ਗੁਰਦੁਆਰਾ ਮਾਲ ਸਾਹਿਬ ਵਿਖੇ ਸਥਿਤ ਹੈ।

ਗੁਰਦੁਆਰਾ ਮਾਲ ਸਾਹਿਬ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਸਥਿਤ ਹੈ। ਇਹ ਗੁਰਦੁਆਰਾ ਜਨਮ ਅਸਥਾਨ ਸਾਹਿਬ ਤੋਂ ਕੇਵਲ ਡੇਢ ਕਿਲੋਮੀਟਰ ਸ਼ੇਖੂਪਰਾ ਨੂੰ ਜਾਣ ਵਾਲੀ ਸੜਕ ‘ਤੇ ਨਾਨਕਾਣਾ ਸਾਹਿਬ ਵਿੱਚ ਸਥਿਤ ਹੈ। ਇੱਕ ਹਵਾਲੇ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਨਾਂ ਤਿੰਨ ਹਜ਼ਾਰ ਏਕੜ ਜਮੀਨ ਹੈ। ਗੁਰਦੁਆਰਾ ਸਾਹਿਬ ਦਾ ਸਰੋਵਰ ਜੋ ਕਿ ਜਮੀਨ ਤੋਂ ਪੰਜ ਫੁੱਟ ਉੱਚਾ ਹੈ, ਦੀ ਸੇਵਾ 1935 ਈਸਵੀ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਕਰਵਾਈ।

ਗੁਰਦੁਆਰਾ ਕਿਆਰਾ ਸਾਹਿਬ, ਨਨਕਾਣਾ ਸਾਹਿਬ (ਪਾਕਿਸਤਾਨ) ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰਾ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਬਚਪਨ ਨਾਲ ਸਬੰਧਤ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਦੇ ਖੇਤਾਂ ਦੀ ਰਖਵਾਲੀ ਦੌਰਾਨ, ਫਸਲ ਨੂੰ ਨੁਕਸਾਨ ਨਾ ਪਹੁੰਚਣ ਦੀ ਇੱਕ ਸਾਖੀ ਮਸ਼ਹੂਰ ਹੈ। ਇਹ ਸਿੱਖ ਧਰਮ ਵਿੱਚ ਬਹੁਤ ਸ਼ਰਧਾ ਦਾ ਕੇਂਦਰ ਹੈ।

ਨਨਕਾਣਾ ਸਾਹਿਬ ਦੀ ਪਾਵਨ ਧਰਤੀ ‘ਤੇ ਸੁਸ਼ੋਭਿਤ ਗੁਰਦੁਆਰਾ ਕਿਆਰਾ ਸਾਹਿਬ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਦੁਆਰਾ ਬਚਪਨ ਵਿੱਚ ਕੀਤੇ ਪਰਿਵਾਰਕ ਡੰਗਰ ਮਾਲ ਦੀ ਸਾਂਭ-ਸੰਭਾਲ  ਦੇ ਕੰਮਾਂ ਨਾਲ ਸਬੰਧਤ ਹੈ। ਇਹ ਪਾਵਨ ਅਸਥਾਨ ਉਸ ਜਗ੍ਹਾ ‘ਤੇ ਉਸਾਰਿਆ ਗਿਆ ਹੈ ਜਿੱਥੇ ਗੁਰੂ ਜੀ ਆਪਣੇ ਡੰਗਰ ਚਾਰਨ ਅਕਸਰ ਜਾਂਦੇ ਸਨ। ਘਰ ਵਿੱਚ ਜਦੋਂ ਬੱਚਾ ਥੋੜੀ ਹੋਸ ਸੰਭਾਲ ਲੈਂਦਾ ਹੈ ਤਾਂ ਮਾਪੇ ਉਸ ਤੋਂ ਕਈ ਛੋਟੇ -ਛੋਟੇ ਕੰਮ ਕਰਵਾਉਂਦੇ ਹਨ ਫਿਰ ਹੋਲੀ ਹੋਲੀ ਵੱਡੀ ਜ਼ਿੰਮੇਵਾਰੀ ਦਿੰਦੇ ਹਨ। ਗੁਰੂ ਨਾਨਕ ਸਾਹਿਬ ਵੀ ਜਦੋਂ ਕੁਝ ਵੱਡੇ ਹੋਏ ਤਾਂ ਪਿਤਾ ਮਹਿਤਾ ਕਾਲੂ ਨੇ ਡੰਗਰਾਂ ਦੀ ਦੇਖ ਰੇਖ ਅਤੇ ਉਨ੍ਹਾਂ ਨੂੰ ਚਾਰਨ ਦੀ ਜਿੰਮੇਵਾਰੀ ਗੁਰੂ ਸਾਹਿਬ ਸੋਂਪ ਦਿੱਤੀ। ਗੁਰੂ ਨਾਨਕ ਸਾਹਿਬ ਪਿਤਾ ਦੀ ਆਗਿਆ ਨਾਲ ਹਰ ਰੋਜ ਡੰਗਰ ਚਾਰਨ ਜਾਂਦੇ । ਇਕ ਦਿਨ ਗੁਰੂ ਜੀ ਦੇ ਡੰਗਰਾਂ ਨੇ ਕਿਸੇ ਜਿੰਮੀਦਾਰ ਦੀ ਫਸਲ ਉਜਾੜ ਦਿੱਤੀ ਜਿਸ ਦੀ ਉਸ ਜਿੰਮੀਦਾਰ ਨੇ ਮੌਕੇ ਦੇ ਹਾਕਮ ਕੋਲ ਜਾ ਸਕਾਇਤ ਕੀਤੀ। ਉਸ ਹਾਕਮ ਨੇ ਗੁਰੂ ਜੀ ਤੇ ਮਹਿਤਾ ਕਾਲੂ ਨੂੰ ਸੱਦਿਆ ਲਿਆ। ਇਸ ਬਾਰੇ ਨਾਨਕ ਜੀ ਤੋਂ ਪੁਛਿਆ ਗਿਆ ਤਾਂ ਨਾਨਕ ਜੀ ਨੇ ਖੇਤ ਦੇਖਣ ਲਈ ਕਿਹਾ। ਜਦੋਂ ਹਾਕਮ ਵਲੋਂ ਮੌਕਾ ਦੇਖਿਆ ਗਿਆ ਤਾਂ ਖੇਤ ਹਰਿਆ ਭਰਿਆ ਸੀ, ਜਿਸ ਨੂੰ ਦੇਖ ਸਭ ਹੈਰਾਨ ਸਨ।

ਗੁਰਦੁਆਰਾ ਕਿਆਰਾ ਸਾਹਿਬ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਸਮੇਂ ਉਸਾਰੀ ਗਈ। ਗੁਰਦੁਆਰਾ ਸਾਹਿਬ ਦੇ ਨਾਂ 45 ਮੁਰੱਬੇ ਜਮੀਨ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਸੇਵਾ 1946 ਵਿੱਚ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੇ ਕਰਵਾਈ ਸੀ।

ਗੁਰਦੁਆਰਾ ਤੰਬੂ ਸਾਹਿਬ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਸਥਿਤ ਇੱਕ ਇਤਿਹਾਸਕ ਅਸਥਾਨ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਨਾਲ ਜੁੜਿਆ ਹੋਇਆ ਹੈ। ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਗੁਰਦੁਆਰਾ ਤੰਬੂ ਸਾਹਿਬ ਸ਼ੁਸ਼ੋਭਿਤ ਹੈ। ਜਦੋਂ ਗੁਰੂ ਨਾਨਕ ਸਾਹਿਬ ਚੂਹੜਕਾਣੇ ਤੋਂ 20 ਰੁਪਏ ਦਾ ਸੱਚਾ ਸੌਦਾ ਕਰਕੇ ਵਾਪਸ ਪਰਤੇ ਤਾਂ ਪਿਤਾ ਮਹਿਤਾ ਕਾਲੂ ਜੀ ਦੇ ਡਰੋਂ ਗੁਰਦੁਆਰਾ ਤੰਬੂ ਸਾਹਿਬ ਵਾਲੀ ਥਾਂ ਸੰਘਣੇ ਵਣਾਂ ਦੇ ਝੁੰਡ ਹੇਠ ਬੈਠ ਗਏ ਸਨ। ਜਦੋਂ ਮਹਿਤਾ ਕਾਲੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਤਾੜਨਾ ਕੀਤੀ ਤੇ ਫਿਰ ਘਰ ਲੈ ਗਏ।  ਇਸ ਅਸਥਾਨ ‘ਤੇ ਵਣ ਦਾ ਪੁਰਾਣਾ ਦਰੱਖਤ ਅੱਜ ਵੀ ਮੌਜੂਦ ਹੈ ਜੋ ਕਿ ਤੰਬੂ ਵਾਂਗ ਫੈਲਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਤੰਬੂ ਵਾਂਗ ਫੈਲੇ ਇਸੇ ਦਰੱਖਤ ਹੇਠ ਗੁਰੂ ਨਾਨਕ ਸਾਹਿਬ ਬੈਠੇ ਸਨ। ਇਹ ਵਣ ਵਿਚਕਾਰ ਤੋਂ ਉੱਚਾ ਹੈ ਪਰ ਇਸ ਦੀਆਂ ਟਾਹਣੀਆਂ ਆਲੇ ਦੁਆਲੇ ਫੈਲੀਆਂ ਹੋਈਆਂ ਤੇ ਜ਼ਮੀਨ ਨੂੰ ਛੂਹਦੀਆਂ ਹਨ।  

ਗੁਰੂ ਨਾਨਕ ਸਾਹਿਬ ਦੇ ਇਥੇ ਠਹਿਰਾਓ ਕਰਨ ਦੀ ਯਾਦ ‘ਚ ਵਣ ਦੇ ਦਰੱਖਤ ਤੋਂ ਕੁਝ ਦੂਰੀ ‘ਤੇ ਗੁਰਦੁਆਰਾ ਤੰਬੂ ਸਾਹਿਬ ਦੀ ਪੁਰਾਤਨ ਤੇ ਯਾਦਗਾਰੀ ਇਮਾਰਤ ਮੌਜੂਦ ਹੈ। ਗੁਰਦੁਆਰਾ ਤੰਬੂ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਨਨਕਾਣਾ ਸਾਹਿਬ ਵਿਖੇ ਗੁਰਧਾਮ ਯਾਤਰਾ ਸਮੇਂ ਹਰ ਸਿੱਖ ਇਸ ਅਸਥਾਨ ‘ਤੇ ਮੱਥਾ ਟੇਕਣ ਵਿੱਚ ਆਪਣੇ ਵੱਡੇ ਭਾਗ ਸਮਝਦਾ ਹੈ। ਗੁਰਦੁਆਰਾ ਤੰਬੂ ਸਾਹਿਬ ਦੇ ਆਲੇ ਦੁਆਲੇ ਖੁੱਲ੍ਹੀ ਜ਼ਮੀਨ ਤੇ ਯਾਤਰੂਆਂ ਦੇ ਠਹਿਰਾਉ ਤੇ ਸਹੂਲਤ ਲਈ ਸਰਾਵਾਂ ਬਣਾਈਆਂ ਗਈਆਂ ਹਨ।

ਗੁਰਦੁਆਰਾ ਨਿਹੰਗ ਸਿੰਘਾਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਥਿਤ ਇੱਕ ਮਹੱਤਵਪੂਰਨ ਇਤਿਹਾਸਕ ਸਥਾਨ ਹੈ। ਇਸ ਬਾਰੇ ਕੁਝ ਮੁੱਖ ਜਾਣਕਾਰੀਆਂ ਹੇਠ ਲਿਖੇ ਅਨੁਸਾਰ ਹਨ
 
  • ਸਥਾਨ: ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਅਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਦੇ ਵਿਚਕਾਰ ਸਥਿਤ ਹੈ।
  • ਇਤਿਹਾਸ: ਇਸ ਅਸਥਾਨ ਬਾਰੇ ਕੋਈ ਪੁਰਾਤਨ ਇਤਿਹਾਸਕ ਸਬੂਤ ਉਪਲਬਧ ਨਹੀਂ ਹਨ, ਪਰ ਇਹ ਮੰਨਿਆ ਜਾਂਦਾ ਹੈ ਕਿ ਨਿਹੰਗ ਉਜਾਗਰ ਸਿੰਘ ਜੀ ਨੇ ਇੱਥੇ ਇੱਕ ਵੱਖਰਾ ਪ੍ਰਕਾਸ਼ ਅਸਥਾਨ ਸਥਾਪਿਤ ਕੀਤਾ ਸੀ।
  • ਮੌਜੂਦਾ ਹਾਲਤ: ਗੁਰਦੁਆਰਾ ਸਾਹਿਬ ਦੀ ਇਮਾਰਤ ਸੁਰੱਖਿਅਤ ਹੈ, ਪਰ ਇੱਥੇ ਵਰਤਮਾਨ ਸਮੇਂ ਵਿੱਚ ਕੋਈ ਨਿਯਮਿਤ ਧਾਰਮਿਕ ਸਮਾਗਮ ਜਾਂ ਸੇਵਾ ਸੰਭਾਲ ਨਹੀਂ ਕੀਤੀ ਜਾਂਦੀ।
  • ਮਹੱਤਵ: ਇਹ ਨਨਕਾਣਾ ਸਾਹਿਬ ਦੀ ਪਰਿਕਰਮਾ ਦੇ ਰਸਤੇ ਵਿੱਚ ਆਉਂਦਾ ਹੈ, ਜੋ ਕਿ ਜਨਮ ਅਸਥਾਨ ਤੋਂ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਸਥਿਤ ਹੈ।

ਇਹ ਦੋਵੇਂ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਤੋਂ ਜਨਮ ਅਸਥਾਨ ਨੂੰ ਜਾਣ ਵਾਲੀ ਸੜਕ ਉਤੇ ਸਥਿਤ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਗੁੰਬਦ ਤੋਂ ਬਿਨਾਂ ਤੇ ਮੀਰੀ ਪੀਰੀ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸਥਾਨ ਗੁੰਬਦ ਵਾਲਾ ਬਣਿਆ ਹੋਇਆ ਹੈ। ਇਹ ਦੋਵੇਂ ਗੁਰਦੁਆਰੇ ਇੱਕੋ ਚਾਰਦੀਵਾਰੀ ਵਿਚ ਹਨ। ਛੇਵੇਂ ਪਾਤਿਸ਼ਾਹ ਕਸ਼ਮੀਰ ਤੋਂ ਮੁੜਦੇ ਹੋਏ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਹਾੜ ਮਹੀਨੇ ਸੰਮਤ 1670 ਮੁਤਾਬਿਕ 1613 ਨੂੰ ਪਧਾਰੇ। ਆਪ ਜਿਥੇ ਵਿਰਾਜੇ ਸਨ, ਗੁਰਸਿੱਖਾਂ ਸਦਾ ਲਈ ਇਹ ਗੁਰਮੇਲਾ ਕਾਇਮ ਕਰ ਲਿਆ। ਜਿਸ ਵਣ ਦੇ ਬ੍ਰਿਛ ਹੇਠ ਸਤਿਗੁਰੂ ਬਿਰਾਜੇ, ਹੁਣ ਉਹ ਅਲੋਪ ਹੋ ਚੁਕਿਆ ਹੈ। ਉਸ ਬਿਰਛ ਦਾ ਤਣਾਂ ਸ਼ੀਸ਼ੇ ਦੀ ਇਕ ਪੇਟੀ ਵਿਚ ਸੰਭਾਲ ਕੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੇ ਉਤੇ ਗੁੰਬਦ ਵਿਚ ਆਉਦੀਆਂ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖਿਆ ਹੋਇਆ ਹੈ।   

ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ)

ਪਾਕਿਸਤਾਨ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪ੍ਰਸਿੱਧ ਧਾਰਮਿਕ ਅਸਥਾਨ ਹੈ। ਹਸਨ ਅਬਦਾਲ ਪਾਕਿਸਤਾਨ ਦਾ ਇਕ ਛੋਟਾ ਜਿਹਾ ਕਸਬਾ ਹੈ ਜੋ ਪਿਸ਼ਾਵਰ ਤੋਂ ਲਾਹੌਰ ਨੂੰ ਜਾਂਦੀ ਸੜਕ ਉੱਤੇ ਰਾਵਲਪਿੰਡੀ ਸ਼ਹਿਰ ਤੋਂ ਉੱਤਰ ਪੱਛਮ ਵੱਲ ਲਗਭਗ 55 ਕਿ. ਮੀ. (35 ਮੀਲ) ਦੀ ਵਿਥ ਤੇ ਵਸਿਆ ਹੋਇਆ ਹੈ। ਬਾਬਾ ਹਸਨ ਅਬਦਾਲ ਇਸ ਥਾਂ ਦਾ ਮਾਲਕ ਸੀ। ਗੁਰੂ ਨਾਨਕ ਦੇਵ ਜੀ ਦੇ ਕੰਧਾਰ ਪਹੁੰਚਣ ਤੇ ਉੱਥੇ ਮੁਸਲਮਾਨਾਂ ਦੇ ਪ੍ਰਸਿੱਧ ਪੀਰ ਵਲੀ ਮੁਹੰਮਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਾਅਰਫ਼ਤ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਸ ਨੇ ਗੁਰੂ ਸਾਹਿਬ ਨੂੰ ਵਲੀ ਅੱਲਾ ਸਮਝ ਕੇ ਸਲਾਮ ਕੀਤਾ ਤੇ ਕਿਹਾ ਕਿ ਉਸ ਦਾ ਮੁਰੀਦ ਵਲੀ ਕੰਧਾਰੀ ਹਿੰਦ ਵਿਚ ਇਕ ਵੱਡਾ ਪੀਰ ਹੈ। ਸੋ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਨੂੰ ਮਿਲਣ ਲਈ ਉਸ ਦੀ ਪਹਾੜੀ ਥੱਲੇ ਆ ਡੇਰਾ ਲਾਇਆ। ਉਸ ਥਾਂ ਤੇ ਉਨ੍ਹਾਂ ਦਿਨਾਂ ਵਿਚ ਪਾਣੀ ਦੀ ਬੜੀ ਤੰਗੀ ਸੀ ਪਰ ਜਿਥੇ ਉਹ ਦਰਵੇਸ਼ ਰਹਿੰਦਾ ਸੀ ਉਥੇ ਪਾਣੀ ਦਾ ਇਕ ਸੁੰਦਰ ਚਸ਼ਮਾ ਸੀ।

          ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨੇ ਸਮੇਤ ਘੁੰਮਦੇ–ਘੁੰਮਦੇ ਵਲੀ ਕੰਧਾਰੀ ਦੀ ਭਾਲ ਵਿਚ ਉੱਥੇ ਪੁੱਜੇ। ਗੁਰੂ ਸਾਹਿਬ ਨੇ ਮਰਦਾਨੇ ਨੂੰ ਪਾਣੀ ਲੈਣ ਲਈ ਵਲੀ ਕਧਾਰੀ ਦੇ ਚਸ਼ਮੇ ਵੱਲ ਭੇਜਿਆ। ਵਲੀ ਕੰਧਾਰੀ ਨੇ ਪੁਛਿਆ ਕਿ ਉਹ ਕੌਣ ਹੈ ? ਭਾਈ ਮਰਦਾਨੇ ਨੇ ਆਪਣੇ ਤੇ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਕਰਵਾਈ ਅਤੇ ਕਿਹਾ ਕਿ ਉਹ ਥੱਲੇ ਜਾ ਕੇ ਅਵਤਾਰੀ ਪੁਰਸ਼ ਗੁਰੂ ਨਾਨਕ ਸਾਹਿਬ ਨੂੰ ਮਿਲਣ। ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣ ਕੇ ਵਲੀ ਕੰਧਾਰੀ ਨੂੰ ਗੁੱਸਾ ਆ ਗਿਆ ਤੇ ਉਸ ਨੇ ਕਿਹਾ ਕਿ ਜੇ ਉਹ ਵਲੀ ਅੱਲਾ ਹੈ ਤਾਂ ਦੂਜਿਆਂ ਦੇ ਡੇਰਿਆਂ ਤੋਂ ਕਿਉਂ ਪਾਣੀ ਮੰਗਦਾ ਹੈ ? ਮਰਦਾਨਾ ਖਾਲੀ ਹੱਥ ਥੱਲੇ ਮੁੜ ਆਇਆ ਤੇ ਉਸਨੇ ਸਾਰੀ ਗੱਲ ਬਾਬਾ ਨਾਨਕ ਨੂੰ ਆ ਸੁਣਾਈ। ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਮੁੜ ਭੇਜਿਆ ਤੇ ਕਿਹਾ ਕਿ ਬੜੀ ਨਿਮਰਤਾ ਨਾਲ ਜਾ ਕੇ ਪਾਣੀ ਮੰਗੇ ਤੇ ਕਹੇ ਕਿ ਰੱਬ ਦਾ ਇਕ ਨਿਮਾਣਾ ਸੇਵਕ ਬੜੀ ਨਿਮਰਤਾ ਨਾਲ ਰੱਬੀ ਬਖ਼ਸ਼ਿਸ਼ ਵਜੋਂ ਪਾਣੀ ਦਾ ਜਾਚਕ ਹੈ। ਪਰ ਵਲੀ ਕੰਧਾਰੀ ਨੇ ਆਪਣਾ ਰਵੱਈਆ ਨਾ ਬਦਲਿਆ। ਰਵਾਇਤ ਹੈ ਕਿ ਗੁਰੂ ਨਾਨਕ ਨੇ ਆਪਣੇ ਲਾਗਿਓਂ ਹੀ ਪੱਥਰ ਹਟਾ ਕੇ ਇਕ ਥਾਂ ਤੋਂ ਪਾਣੀ ਕੱਢ ਲਿਆ।

ਵਲੀ ਕੰਧਾਰੀ ਦੇ ਚਸ਼ਮੇ ਵਿਚੋਂ ਪਾਣੀ ਘਾਟਣ ਲਗ ਪਿਆ ਤੇ ਉਸ ਨੇ ਕ੍ਰੋਧ ਵਿਚ ਆ ਕੇ ਇਕ ਪੱਥਰ ਥੁੱਲ੍ਹੇ ਬਾਬੇ ਵੱਲ ਰੋੜ੍ਹ  ਦਿੱਤਾ। ਪਰ ਗੁਰੂ ਨਾਨਕ ਦੇਵ ਜੀ ਨੇ ਉਸ ਪੱਥਰ ਨੂੰ ਆਪਣੇ ਪੰਜੇ ਨਾਲ ਆਪਣੇ ਉਪਰ ਡਿੱਗਣ ਤੋਂ ਰੋਕ ਦਿੱਤਾ। ਰਵਾਇਤ ਹੈ ਕਿ ਪੱਥਰ ਉਤੇ ਲੱਗੇ ਹੋਏ ਪੰਜੇ ਦਾ ਨਿਸ਼ਾਨ ਗੁਰੂ ਸਾਹਿਬ ਦੇ ਹੱਥ ਦਾ ਨਿਸ਼ਾਨ ਹੈ। ਦਰਵੇਸ਼ ਕੰਧਾਰੀ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਥੱਲੇ ਉਤਰ ਕੇ ਗੁਰੂ ਸਾਹਿਬ ਦੇ ਸਾਹਮਣੇ ਆਇਆ ਤੇ ਮੁਆਫ਼ੀ ਮੰਗੀ। ਗੁਰੂ ਸਾਹਿਬ ਨਾਲ ਵਿਚਾਰ ਵਟਾਂਦਰਾ ਕੀਤਾ । ਗੁਰੂ ਸਾਹਿਬ ਨੇ ਵਲੀ ਕੰਧਾਰੀ ਨੂੰ ਹੰਕਾਰ ਤੇ ਈਰਖਾ ਤਿਆਗ ਕੇ ਲੋਕ–ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਇਤਿਹਾਸਕ ਘਟਨਾ ਤੋਂ ਬਾਦ ਹਸਨ ਅਬਦਾਲ ਦਾ ਨਾਂ ਸਿੱਖਾਂ ਨੇ ਪੰਜਾ ਸਾਹਿਬ ਰੱਖ ਦਿੱਤਾ।  ਸਿੱਖ ਸਰਦਾਰ ਹਰੀ ਸਿੰਘ ਨਲਵਾ ਜਦੋਂ ਇਥੇ ਆਇਆ ਤਾਂ ਉਥੇ ਇਹ ਗੁਰਦੁਆਰਾ ਬਣਵਾਇਆ। 1947 ਤਕ ਲੱਖਾਂ ਦੀ ਗਿਣਤੀ ਵਿਚ ਸਿੱਖ ਇਸ ਥਾਂ ਦੀ ਯਾਤਰਾ ਕਰਦੇ ਰਹੇ ਹਨ। ਅੱਜ ਕੱਲ੍ਹ ਪਾਕਿਸਤਾਨ ਸਰਕਾਰ ਦੀ ਆਗਿਆ ਨਾਲ ਹਰ ਸਾਲ ਦੁਨੀਆਂ ਭਰ ਵਿਚੋਂ ਲੋਕ ਤੀਰਥ ਯਾਤਰਾ ਲਈ ਉੱਥੇ ਜਾਂਦੇ ਹਨ। ਹਰ ਸਾਲ ਵਿਸਾਖੀ ਦੇ ਅਵਸਰ ਉੱਤੇ ਕਈ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪੰਜਾ ਸਾਹਿਬ ਪਹੁੰਚਦੀਆਂ ਹਨ ਅਤੇ ਇਸ ਮੌਕੇ ਤੇ ਅਨੇਕਾਂ ਮੁਸਲਮਾਨ ਵੀ ਸ਼ਰੀਕ ਹੁੰਦੇ ਹਨ। ਪਾਣੀ ਉਥੋਂ ਹੁਣ ਵੀ ਵਗਦਾ ਹੈ ਤੇ ਪੰਜੇ ਦਾ ਨਿਸ਼ਾਨ ਯਾਤਰੂਆਂ ਨੂੰ ਵੇਖਣ ਨੂੰ ਮਿਲਦਾ ਹੈ।

ਵਲੀ ਕੰਧਾਰੀ

ਵਲੀ ਕੰਧਾਰੀ ਹਸਨ ਅਬਦਾਲ (ਪਾਕਿਸਤਾਨ) ਦੀ ਇੱਕ ਉੱਚੀ ਪਹਾੜੀ ‘ਤੇ ਰਹਿਣ ਵਾਲਾ ਇੱਕ ਹੰਕਾਰੀ ਮੁਸਲਿਮ ਫਕੀਰ ਸੀ, ਜਿਸਦਾ ਹੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੋੜਿਆ ਸੀ। ਇਸ ਇਲਾਕੇ ਵਿੱਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। ਰੁੱਤ ਗ਼ਰਮੀ ਦੀ ਸੀ। ਪਹਾੜੀ ਦੇ ਥੱਲੇ ਇੱਕ ਰੁੱਖ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਮਰਦਾਨੇ ਨੂੰ ਪਿਆਸ ਲੱਗਣ ’ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ।

ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋ ਨਾ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ। ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ?’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘‘ਸੱਚੇ ਪਾਤਸ਼ਾਹ! ਆਪ ਜੀ ਦੇ ਚਰਨਾਂ ’ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈ ਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।’’ ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ ! ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਹੀ ਇੱਕ ਪੱਥਰ ਹਟਾਇਆ, ਜਿੱਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ।

ਇਹ ਦੇਖ ਕੇ ਵਲੀ ਕੰਧਾਰੀ ਨੇ ਕਹਿਰਵਾਨ ਹੋ ਕੇ ਗੁਰੂ ਜੀ ਵੱਲ ਇੱਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ’ਚ ਇੱਕ ਗੁਰਦੁਆਰਾ ਬਣਾਇਆ। ਇਹ ਅਸਥਾਨ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ, ਜਿਥੇ ਅੱਜ ਸਿੱਖ ਸੰਗਤਾਂ ਜਾ ਕੇ ਸੀਸ ਨਿਵਾਉਂਦੀਆਂ ਹਨ।

ਗੁਰਦੁਆਰਾ ਸੱਚਾ ਸੌਦਾ

ਬਾਬਾ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਵੀਹ ਰੁਪਏ ਦੇ ਕੇ ਕਿਹਾ ਕਿ ਜਾਓ ਖਰ੍ਹਾ ਸੌਦਾ ਕਰਕੇ ਆਓ ਭਾਵ ਚੰਗਾ ਵਪਾਰ ਕਰੋ। ਬਾਬਾ ਜੀ ਆਪਣੇ ਸਾਥੀਆਂ ਨਾਲ ਵਪਾਰ ਕਰਨ ਲਈ ਚੂੜਹਕਾਣੇ (ਅਜੌਕੇ ਫਾਰੂਕਾਬਾਦ) ਵੱਲ ਗਏ। ਜਦੋਂ ਗੁਰੂ ਜੀ ਸੌਦਾ ਕਰਨ ਜਾ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੂੰ ਸਾਧੂਆਂ ਦਾ ਇੱਕ ਸਮੂਹ ਮਿਲ ਗਿਆ। ਸਾਧੂਆਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ। ਉਹਨਾਂ ਨੇ ਪਾਤਸ਼ਾਹ ਤੋਂ ਮਦਦ ਮੰਗੀ।

ਪਾਤਸ਼ਾਹ ਨੇ ਪਿਤਾ ਜੀ ਕੋਲੋਂ ਮਿਲੇ ਪੈਸਿਆਂ ਨਾਲ ਸਾਧੂਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਨਾਨਕ ਜੀ ਨੇ ਆਪਣੇ ਖੀਸੇ (ਜੇਬ) ਵਿੱਚੋਂ ਪੇਸ਼ ਕੱਢੇ ਅਤੇ ਸਾਧੂਆਂ ਨੂੰ ਦੇਣ ਲੱਗੇ। ਇਹ ਦੇਖ ਸਾਧੂਆਂ ਨੇ ਕਿਹਾ ਕਿ ਉਹਨਾਂ ਨੂੰ ਪੈਸੇ ਨਹੀਂ ਚਾਹੀਦੇ ਸਗੋਂ ਉਹ ਤਾਂ ਭੁੱਖੇ ਹਨ। ਪੇਟ ਦੀ ਭੁੱਖ ਮਿਟਾਉਣ ਲਈ ਉਹਨਾਂ ਨੂੰ ਭੋਜਨ ਚਾਹੀਦਾ ਹੈ। ਪਾਤਸ਼ਾਹ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਹਨਾਂ ਪੈਸਿਆਂ ਨਾਲ ਭੋਜਨ ਲਿਆਂਦਾ ਅਤੇ ਸਾਧੂਆਂ ਨੂੰ ਕਰਵਾਇਆ। ਸਤਿਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਸੱਚਾ ਸੌਦਾ (ਖਰ੍ਹਾ ਸੌਦਾ) ਕਿਹਾ।

ਇਸ ਘਟਨਾ ਵਾਲੀ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਸ਼ੋਭਿਤ ਹੈ। ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਹਰ ਰੋਜ਼ ਦਰਸ਼ਨ ਕਰਨ ਲਈ ਆਉਂਦੀਆਂ ਹਨ।

 

ਗੁਰਦੁਆਰਾ ਡੇਰਾ ਸਾਹਿਬ (ਲਾਹੌਰ)

ਗੁਰਦੁਆਰਾ ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਥਾਨ ਹੈ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਕਿਲ੍ਹੇ ਦੇ ਬਿਲਕੁਲ ਸਾਹਮਣੇ ਸਥਿਤ ਹੈ। ਕਿਲ੍ਹੇ ਦੇ ਬਿਲਕੁਲ ਸਾਹਮਣੇ ਨਾਲ ਲੱਗਦੀ ਬਾਦਸ਼ਾਹੀ ਮਸਜਿਦ ਹੈ। ਇਹ ਉਹ ਥਾਂ ਸੀ ਜਿਥੇ ਚੰਦੂ ਨੇ 30 ਮਈ 1606 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਗਰਮ ਲੋਹੇ ਦੀ ਤਵੀ ਉੱਤੇ ਬੈਠਣ ਲਈ ਕਿਹਾ ਜਿਸਦੇ ਥੱਲੇ ਅੱਗ ਬਾਲੀ ਹੋਈ ਸੀ । ਮਹੀਨਾ ਹਾੜ ਦਾ ਸੀ ਪੂਰਾ ਤਪਿਆ ਹੋਇਆ। ਉਪਰੋਂ ਗਰਮ ਰੇਤ ਗੁਰੂ ਜੀ ਦੇ ਸੀਸ ਉਤੇ ਪਾਈ ਗਈ। ਗੁਰੂ ਅਰਜਨ ਦੇਵ ਜੀ ਨੇ ਇਹ ਸਾਰੇ ਅੱਤਿਆਚਾਰ ‘ਤੇਰਾ ਭਾਣਾ ਮੀਠਾ ਲਾਗੇ। ਨਾਨਕ ਨਾਮ ਪਦਾਰਥ ਮਾਗੇ’ ਸ਼ਬਦ ਉਚਾਰਦਿਆ ਉਸ ਸੱਚੇ ਨਾਲ ਜੋੜ ਕੇ ਬਿਨਾਂ ਕਿਸੇ ਉਜਰ ਦੇ ਸਹਿਣ ਕੀਤੇ। ਜਦੋਂ ਮਹਾਨ ਮੁਸਲਮਾਨ ਫਕੀਰ ਮੀਆਂ ਮੀਰ ਨੇ ਇਹ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਅਤੇ ਦੋਸ਼ੀਆਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ ਪਰ ਗੁਰੂ ਅਰਜਨ ਦੇਵ ਜੀ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਚੁੱਪ-ਚਾਪ ਸ਼ਬਦ ਉਚਾiਰਆ, “ਤੇਰਾ ਕਿਆ ਮੀਠਾ ਲਗੇ। ਹਰਿ ਨਾਮ ਪਦਾਰਥ ਨਾਨਕ ਮੰਗੇ ’। ਇਸ ਜ਼ਾਲਮ ਸ਼ਾਸ਼ਨ ਨੂੰ ਖਤਮ ਕਰਨ ਦਾ ਸਰਾਫ ਦੇਣ ਹੀ ਲੱਗਾ ਸੀ ਕਿ ਗੁਰੂ ਜੀ ਨੇ ਰੋਕ ਦਿਤਾ।ਆਪ ਸਾਰੇ ਤਸੀਹੇ ਜਰਦਿਆਂ ਸ਼ਹੀਦੀ ਪਾਈ।ਗੁਰਦੁਆਰਾ ਡੇਰਾ ਸਾਹਿਬ ਇਸ ਮਹਾਨ ਸ਼ਹੀਦੀ ਦੀ ਯਾਦ ਵਿੱਚ ਸੀ। ਏਥੇ ਗੁਰੂ ਹਰਗੋਬਿੰਦ ਜੀ ਨੇ 1619 ਈ ਵਿਚ ਲਾਹੌਰ ਦੀ ਯਾਤਰਾ ਵੇਲੇ ਸ਼ਹਾਦਤ ਦੇ ਵਾਲੇ ਸਥਾਨ ‘ਤੇ ਇਕ ਥੜਾ ਸਾਹਿਬ ਬਣਵਾਇਆ । ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਦੀ ਇਕ ਛੋਟੀ ਜਿਹੀ ਇਮਾਰਤ ਬਣਵਾਈ। 

1909 ਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਲਈ ਪ੍ਰਕਾਸ਼ ਅਸਥਾਨ ਮੰਜੀ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਰੋਜ਼ਾਨਾ ਦੀਵਾਨ ਲਈ ਪ੍ਰਬੰਧ ਕੀਤੇ ਗਏ ਅਤੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਇਕ ਸਰਾਇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਵਾਈ ਸੀ। 1927 ਵਿਚ ਕਮੇਟੀ ਨੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਿਆ ਅਤੇ 21 ਅਪ੍ਰੈਲ 1930 ਈ: ਨੂੰ ਗੁਰਦੁਆਰੇ ਦੀ ਉਸਾਰੀ ਦੁਬਾਰਾ ਸ਼ੁਰੂ ਕੀਤੀ ਅਤੇ 8 ਸਤੰਬਰ 1934 ਈ. ਨੂੰ ਇਸ ਨੂੰ ਪੂਰਾ ਕੀਤਾ। ਇਸ ਦੇ ਗੁੰਬਦ ਤੇ ਸੋਨੇ ਦੇ ਪਤਰੇ ਲਾਏ ਗਏ।। ਫਰਸ਼ ਸੀਮਿੰਟ ਦਾ ਬਣਾਇਆ ਗਿਆ ਕੀਤੀਆਂ ਗਈਆਂ ਸਨ ਅਤੇ ਗੁਰਦੁਆਰੇ ਦਾ ਅਗਲਾ ਹਿੱਸਾ ਸੰਗਮਰਮਰ ਨਾਲ ਬਣਾਇਆ ਗਿਆ ਸੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰ ਰੋਜ਼ ਹੁੰਦਾ ਹੈ। ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਨੇ ਦੋ ਗਰੰਥੀ ਨਿਯੁਕਤ ਕੀਤੇ ਹੋਏ ਹਨ। ਵਿਸ਼ਵ ਭਰ ਦੀ ਸੰਗਤ ਹਰ ਸਾਲ ਸ਼ਹੀਦੀ ਜੋੜ ਮੇਲੇ, ਵਿਸਾਖੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਏਥੈ ਦਰਸ਼ਨ ਕਰਨ ਆਉਂਦੀ ਹੈ। ਨਵੰਬਰ 1996 ਵਿੱਚ, ਸਰਕਾਰ ਨੇ ਮਹਿਮਾਨਾਂ ਲਈ 47 ਕਮਰੇ ਦਾ ਮੀਆਂ ਮੀਰ ਰਿਹਾਇਸ਼ੀ ਬਲਾਕ ਬਣਾਇਆ, ਪਰ ਇਹ 3000 ਜਾਂ ਵਧੇਰੇ ਸੰਗਤ ਲਈ ਕਾਫ਼ੀ ਨਹੀਂ ਹੈ ਜੋ ਇਹਨਾਂ ਸਾਲਾਨਾ ਪ੍ਰੋਗਰਾਮਾਂ ਵਿੱਚ ਹਰੇਕ ਵਾਰ ਯਾਤ੍ਰਾ ਕਰਦੇ ਹਨ। ਗੁਰੂ ਦਾ ਲੰਗਰ ਚੌਵੀ ਘੰਟੇ ਵਰਤਾਇਆ ਜਾਂਦਾ ਹੈ।

ਗੁਰਦੁਆਰਾ ਰੋੜੀ ਸਾਹਿਬ (ਐਮਿਨਾਬਾਦ)

ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਉਹ ਜਗ੍ਹਾ ਹੈ ਜਿਥੇ ਗੁਰੂ ਨਾਨਕ ਸਾਹਿਬ ਜੀ ਰੋੜਾਂ ਦੀ ਵਿਛਾਈ ਕਰ ਕੇ ਬਿਰਾਜਦੇ ਸਨ ਅਤੇ ਅਕਾਲ ਪੁਰਖ ਦਾ ਧਿਆਨ ਧਰਦੇ ਸਨ। ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਜਿਲ੍ਹਾ ਗੁਜਰਾਂਵਾਲਾ ਵਿੱਚ ਸਥਿਤ ਹੈ ਜੋ ਅੱਜ ਕੱਲ੍ਹ ਪਾਕਿਸਤਾਨ ਵਿਚ ਆਉਂਦਾ ਹੈ। ਇਸ ਨਗਰ ਦਾ ਪਹਿਲਾ ਨਾਮ ਸੈਦਪੁਰ ਸੀ ਜਿਸ ਨੂੰ ਕਿ ਬਾਬਰ ਨੇ ਤਬਾਹ ਕਰ ਦਿੱਤਾ ਸੀ। ਇਸੇ ਅਸਥਾਨ ‘ਤੇ ਗੁਰੂ ਜੀ ਨੇ ਬਾਬਰ ਨੂੰ ਜਾਬਰ ਆਖਿਆ ਸੀ। ਸਿੱਖ ਇਤਿਹਾਸ ਅਨੁਸਾਰ ਬਾਬਰ ਨੇ ਗੁਰੂ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਜੇਲ ਵਿੱਚ ਬੰਦ ਕਰ ਦਿੱਤਾ ਸੀ। ਬਾਅਦ ਵਿੱਚ ਗੁਰੂ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਗੁਰੂ ਸਾਹਿਬ ਸਮੇਤ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ। ਇਸ ਲਈ ਇਹ ਵੀ ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਤਬਾਹ ਹੋਏ ਸੈਦਪੁਰ ਵਿੱਚ ਅਮਨ ਕਾਇਮ ਕੀਤਾ ਜਿਸ ਕਾਰਨ ਇਸ ਨਗਰ ਦਾ ਨਾਮ ਐਮਨਾਬਾਦ ਹੋ ਗਿਆ। ਇਸ ਨਗਰ ਵਿੱਚ ਹੋਰ ਗੁਰਦੁਆਰਾ ਸਾਹਿਬਾਨ ਵੀ ਸੁਸ਼ੋਭਿਤ ਹਨ ਜਿਨ੍ਹਾਂ ਬਾਰੇ ਅਸੀਂ ਅਗਲੇ ਲੇਖ ਵਿੱਚ ਚਰਚਾ ਕਰਾਂਗੇ।        

ਗੁਰਦੁਆਰਾ ਰੋੜੀ ਸਾਹਿਬ ਦੇ ਸਥਾਨ ‘ਤੇ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਇੱਕ ਵਡਾ ਸਰੋਵਰ ਅਤੇ ਸੁੰਦਰ ਇਮਾਰਤਾਂ ਇਸ ਨੂੰ ਹੋਰ ਵੀ ਜਿਆਦਾ ਸੁੰਦਰ ਬਣਾਉਂਦੀਆਂ ਹਨ। ਸਿੱਖ ਰਾਜ ਸਮੇਂ ਇਸ ਗੁਰਦੁਆਰੇ ਨੂੰ 5000 ਰੁਪਏ ਸਾਲਾਨਾ ਅਤੇ ਖੇਤੀਬਾੜੀ ਲਈ 6 ਮੁਰੱਬੇ ਜ਼ਮੀਨ ਵੀ ਲਾਈ ਗਈ ਸੀ। ਦੇਸ਼ ਵੰਡ ਤੋ ਪਹਿਲਾਂ ਵਿਸਾਖੀ ਅਤੇ ਕੱਤਕ ਦੀ ਪੁਰਨਮਾਸ਼ੀ ਦੇ ਦਿਹਾੜੇ ਮਨਾਏ ਜਾਂਦੇ ਸਨ ਪਰ ਵਰਤਮਾਨ ਸਮੇਂ ਕੇਵਲ ਵੈਸਾਖੀ ਦਾ ਜੋੜ ਮੇਲਾ ਹੀ ਮਨਾਇਆ ਜਾਂਦਾ ਹੈ। ਇਹ ਸ਼ਹਿਰ ਦਾ ਪ੍ਰਮੁੱਖ ਗੁਰਦੁਆਰਾ ਸੀ। 15 ਅਗਸਤ, 1947 ਨੂੰ ਪੰਜਾਬ ਦੇ ਵਿਭਾਜਨ ਤੋਂ ਤੁਰੰਤ ਬਾਅਦ ਮੁਸਲਮਾਨਾਂ ਦੀ ਭੀੜ ਨੇ ਇਸ ਦੀ ਬਹੁ ਮੰਜ਼ਲਾਂ ਇਮਾਰਤ ਨੂੰ ਅੱਗ ਲਾ ਦਿੱਤੀ ਸੀ ਪਰ ਪਾਕਿਸਤਾਨ ਸਰਕਾਰ ਵਲੋਂ ਬਾਅਦ ਵਿੱਚ ਇਸ ਦੀ ਮੁਰੰਮਤ ਕਰਕੇ ਚਾਰ ਦੀਵਾਰੀ ਕਰਵਾ ਦਿੱਤੀ ਗਈ।

ਰਣਜੀਤ ਸਿੰਘ (ਲਾਹੌਰ) ਦੀ ਸਮਾਧੀ

ਲਾਹੌਰ ਵਿਖੇ ਸਿੱਖ ਸਾਮਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਇਸੇ ਲੜੀ ਦੀ ਇੱਕ ਕੜੀ ਹੈ। ਲਾਹੌਰ (ਪਾਕਿਸਤਾਨ) ਵਿੱਚ ਸ਼ਾਹੀ ਕਿਲ੍ਹੇ ਦੇ ਸਾਹਮਣੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਨੇੜੇ ਸਥਿਤ ਇਹ ਸਮਾਧ ਇਤਿਹਾਸਕ ਇਮਾਰਤਸਾਜ਼ੀ ਕਲਾ ਦਾ ਇੱਕ ਅਹਿਮ ਮੀਲ ਪੱਥਰ ਹੈ। ਮੁਸਲਿਮ ਹਾਕਮਾਂ ਦੀ ਰੀਸ ਨਾਲ ਇਹ ਪਰੰਪਰਾ ਪਹਿਲਾਂ ਰਾਜਪੂਤਾਂ ਅਤੇ ਫਿਰ ਸਿੱਖਾਂ ਵਿੱਚ ਵੀ ਆ ਗਈ। ਰਾਜਪੂਤ ਅਜਿਹੀ ਯਾਦਗਾਰ ਨੂੰ ‘ਛਤਰੀ’ ਜਾਂ ‘ਸਮਾਧੀ’ ਕਹਿੰਦੇ ਸਨ ਅਤੇ ਸਿੱਖ ਇਸ ਨੂੰ ‘ਸਮਾਧ’ ਦਾ ਨਾਂ ਦਿੰਦੇ ਹਨ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਵਿੱਚ ਗੁੱਜਰਾਂਵਾਲਾ ਵਿਖੇ ਹੋਇਆ ਸੀ, ਜੋ ਹੁਣ ਆਧੁਨਿਕ ਪਾਕਿਸਤਾਨ ਵਿੱਚ ਹੈ। ਉਸ ਨੇ ਉੱਨੀ ਸਾਲ ਦੀ ਛੋਟੀ ਉਮਰ ਵਿੱਚ ਹੀ ਸੱਤਾ ਪ੍ਰਾਪਤ ਕਰ ਲਈ ਅਤੇ ਸਿੱਖ ਸਾਮਰਾਜ ਦੀ ਨੀਂਹ ਰੱਖੀ। ਮਹਾਰਾਜੇ ਨੂੰ ਉਸ ਦੀ ਫ਼ੌਜੀ ਸ਼ਕਤੀ, ਵੱਖ-ਵੱਖ ਸਿੱਖ ਧੜਿਆਂ ਨੂੰ ਇਕਜੁੱਟ ਕਰਨ ਵਿੱਚ ਭੂਮਿਕਾ ਅਤੇ ਸ਼ਾਸਨ ਪ੍ਰਤੀ ਧਰਮ ਨਿਰਪੱਖ ਪਹੁੰਚ ਲਈ ਯਾਦ ਕੀਤਾ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ 1839 ਨੂੰ ਮੌਤ ਮਗਰੋਂ ਉਸ ਦਾ 39 ਸਾਲਾ ਜੇਠਾ ਪੁੱਤਰ ਖੜਕ ਸਿੰਘ ਗੱਦੀ ’ਤੇ ਬੈਠਾ ਅਤੇ ਉਸ ਨੇ ਤੁਰੰਤ ਸਮਾਧ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਉਸ ਨੇ ਫ਼ਕੀਰ ਨੂਰ-ਉਦ-ਦੀਨ ਨੂੰ ਯਾਦਗਾਰੀ ਇਮਾਰਤ ਦੀ ਯੋਜਨਾ ਪੇਸ਼ ਕਰਨ ਲਈ ਕਿਹਾ ਅਤੇ ਸ਼ੁਰੂਆਤੀ ਰਕਮ 50,000 ਰੁਪਏ ਜਾਰੀ ਕਰ ਦਿੱਤੀ। ਕੁਝ ਦਿਨਾਂ ਮਗਰੋਂ ਹੀ ਮਿਸਰ ਬੇਲੀ ਰਾਮ ਅਤੇ ਭਾਈ ਗੋਬਿੰਦ ਰਾਮ ਨੂੰ ਇਸ ਸਮਾਧ ਲਈ ਦੋ ਲੱਖ ਰੁਪਏ ਰਕਮ ਹੋਰ ਜਾਰੀ ਕਰ ਦਿੱਤੀ। ਅੰਦਾਜ਼ਾ ਸੀ ਕਿ ਇਸ ਇਮਾਰਤ ਦੀ ਉਸਾਰੀ ’ਤੇ 25 ਲੱਖ ਰੁਪਏ ਖਰਚ ਆਉਣਗੇ। ਲਾਡਵਾ ਦੇ ਮੁਖੀ ਸਰਦਾਰ ਅਜੀਤ ਸਿੰਘ ਨੇ ਸਲਾਹ ਦਿੱਤੀ ਕਿ ਸਮਾਧ ਲਾਹੌਰ ਵਿਖੇ ਹੀ ਸਥਿਤ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਮਕਬਰੇ ਵਰਗੀ ਬਣਵਾਈ ਜਾਵੇ, ਪਰ ਇਹ ਵਿਚਾਰ ਸਿਰੇ ਨਾ ਚੜ੍ਹਿਆ।

ਮਹਾਰਾਜਾ ਖੜਕ ਸਿੰਘ ਸਮੇਂ ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਕੇਂਦਰ ਬਣ ਗਿਆ ਸੀ। ਕੁਝ ਸਮੇਂ ਬਾਅਦ ਹੀ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੇ ਪਿਤਾ ਨੂੰ ਲਾਂਭੇ ਕਰ ਗੱਦੀ ਆਪ ਸੰਭਾਲ ਲਈ। ਪੰਜ ਨਵੰਬਰ 1840 ਨੂੰ ਖੜਕ ਸਿੰਘ ਦੀ ਮੌਤ ਹੋ ਗਈ। ਜਦੋਂ ਖੜਕ ਸਿੰਘ ਦਾ ਸਸਕਾਰ ਕਰਕੇ ਨੌਨਿਹਾਲ ਸਿੰਘ ਮੁੜ ਰਿਹਾ ਸੀ ਤਾਂ ਉਸ ’ਤੇ ਹਜ਼ੂਰੀ ਬਾਗ ਦਾ ਗੇਟ ਡਿੱਗ ਗਿਆ ਜਿਸ ਕਾਰਨ ਉਸ ਦਾ ਵੀ ਅੰਤ ਹੋ ਗਿਆ। ਇਸ ਤੋਂ ਬਾਅਦ ਥੋੜ੍ਹੇ ਸਮੇਂ ਲਈ ਗੱਦੀ ਸ਼ੇਰ ਸਿੰਘ ਨੇ ਸੰਭਾਲੀ, ਪਰ 15 ਸਤੰਬਰ 1843 ਨੂੰ ਉਸ ਦਾ ਵੀ ਕਤਲ ਹੋ ਗਿਆ। ਇਸ ਉਥਲ-ਪੁਥਲ ਦੇ ਸਮੇਂ ਦੌਰਾਨ ਸਮਾਧ ਦੀ ਉਸਾਰੀ ਨਿਰਵਿਘਨ ਚਲਦੀ ਰਹੀ।

ਜਾਪਦਾ ਹੈ ਕਿ 1840 ਦੀ ਗਰਮੀ ਤੀਕ ਇਮਾਰਤ ਸੰਗਮਰਮਰ ਲਾਉਣ ਲਈ ਤਿਆਰ ਹੋ ਚੁੱਕੀ ਸੀ ਕਿਉਂਕਿ 21 ਜੁਲਾਈ 1840 ਦੇ ਇੱਕ ਦਸਤਾਵੇਜ਼ ਵਿੱਚ ਇੱਕ ਹੁਕਮ ਹੈ ਜਿਸ ਮੁਤਾਬਿਕ ਵਰਤੋਂ ਲਈ ਰਾਮ ਬਾਗ਼, ਅੰਮ੍ਰਿਤਸਰ ਦੀ ਬਾਰਾਂਦਰੀ ਦਾ ਸੰਗਮਰਮਰ ਉਧੇੜ ਲਿਆਉਣ ਦੀ ਹਦਾਇਤ ਹੈ। ਲਾਹੌਰ ਦੀ ਵਿਦਵਾਨ ਨਾਧਰਾ ਸ਼ਾਹਬਾਜ਼ ਖ਼ਾਨ ਨੇ ਇਸ ਸਮਾਧ ’ਤੇ ਪੀਐੱਚ.ਡੀ. ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਬਾਅਦ ਦੇ ਸਿੱਖ ਇਤਿਹਾਸ ਦੇ ਸੋਮੇ ਇਸ ਸਮਾਧ ਬਾਰੇ ਕੁਝ ਨਹੀਂ ਦੱਸਦੇ, ਪਰ ਇੰਨਾ ਹੈ ਕਿ 1850 ਤੀਕ ਸਮਾਧ ਦੇ ਕੁਝ ਹਿੱਸੇ ਅਧੂਰੇ ਸਨ। ਸਾਨੂੰ ਈਸਟ ਇੰਡੀਆ ਕੰਪਨੀ ਦੇ ਕੁਝ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਜਨਰਲ ਚਾਰਲਸ ਜੇਮਜ਼ ਨੇਪੀਅਰ ਨੇ ਸਮਾਧ ਪੂਰੀ ਕਰਨ ਲਈ ਕੰਪਨੀ ਤੋਂ 16,927 ਰੁਪਏ ਦੀ ਮੰਗ ਕੀਤੀ ਜੋ ਸਰਕਾਰ ਨੇ ਮਨਜ਼ੂਰ ਕਰ ਲਈ ਸੀ।

ਉੱਚੇ ਪਲੇਟਫਾਰਮ ’ਤੇ ਉਸਰੀ ਇਹ ਸਮਾਧ ਦੋ-ਮੰਜ਼ਿਲੀ ਗੁੰਬਦਦਾਰ ਇਮਾਰਤ ਹੈ। ਇਸ ਵਿੱਚ ਰਾਜਪੂਤ ਅਤੇ ਮੁਗ਼ਲ ਸ਼ੈਲੀ ਦਾ ਅਜਿਹਾ ਮਿਸ਼ਰਣ ਹੈ ਕਿ ਇਸ ਨੂੰ ਸਿੱਖ ਇਮਾਰਤਸਾਜ਼ੀ ਦੀ ਬਿਹਤਰੀਨ ਮਿਸਾਲ ਕਿਹਾ ਜਾ ਸਕਦਾ ਹੈ।

ਸਮਾਧ ਦੀ ਉਸਾਰੀ ਲਈ ਵਰਤੇ ਗਏ ਸਾਮਾਨ ਵਿੱਚ ਲਾਲ ਬਲੂਆ ਪੱਥਰ ਅਤੇ ਸੰਗਮਰਮਰ ਸ਼ਾਮਿਲ ਹਨ। ਸਮਾਧ ਅੰਦਰ ਕੇਂਦਰੀ ਚੈਂਬਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਅਸਥੀਆਂ ਹਨ, ਜੋ ਇੱਕ ਛੋਟੇ ਸੰਗਮਰਮਰ ਦੇ ਕਲਸ਼ ਵਿੱਚ ਰੱਖੀਆਂ ਹੋਈਆਂ ਹਨ। ਕੇਂਦਰੀ ਚੈਂਬਰ ਛੋਟੇ-ਛੋਟੇ ਕਮਰਿਆਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਦੀ ਵਰਤੋਂ ਪੁਜਾਰੀਆਂ ਅਤੇ ਹੋਰ ਸੇਵਾਦਾਰਾਂ ਦੁਆਰਾ ਅਰਦਾਸਾਂ ਅਤੇ ਰਸਮਾਂ ਲਈ ਕੀਤੀ ਜਾਂਦੀ ਹੈ। ਇਮਾਰਤ ’ਤੇ ਆਏ ਖੁੱਲ੍ਹੇ ਖਰਚੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਸਿਰਫ਼ ਕਲਸ਼ ’ਤੇ 800 ਤੋਲੇ (9 ਕਿਲੋ 328 ਗ੍ਰਾਮ) ਸੋਨਾ ਲੱਗਾ ਹੈ ਜੋ ਅੱਜ ਦੀ ਕੀਮਤ ’ਤੇ 6 ਕਰੋੜ 65 ਲੱਖ ਰੁਪਏ ਤੋਂ ਵੀ ਵੱਧ ਦਾ ਬਣਦਾ ਹੈ।

ਸਮਾਧ ਦਾ ਇੱਕ ਹੋਰ ਆਕਰਸ਼ਣ ਇਸ ਦੇ ਕੰਧ ਚਿੱਤਰ ਹਨ ਜੋ 24-24 ਤਸਵੀਰਾਂ ਦੇ ਦੋ ਸੈੱਟਾਂ ਦੇ ਰੂਪ ਵਿੱਚ ਹਨ। ਇਹ ਧਾਰਮਿਕ ਅਤੇ ਸੱਭਿਆਚਾਰਕ ਇਕਸੁਰਤਾ ਦੇ ਸਬੂਤ ਹਨ।

ਚਿੱਤਰਾਂ ਦੇ ਪਹਿਲੇ ਸੈੱਟ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਧਿਆਨ ਸਿੰਘ ਡੋਗਰਾ, ਖੜਕ ਸਿੰਘ, ਨੌਨਿਹਾਲ ਸਿੰਘ, ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਅਤੇ ਭਾਈ ਮਰਦਾਨਾ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਹਨ। ਇੱਥੇ ਹੀ ਵਿਸ਼ਣੂ ਅਵਤਾਰਾਂ ਵਿੱਚੋਂ ਮਤਸਯ ਅਵਤਾਰ, ਵਾਰਾਹ ਅਵਤਾਰ, ਕੁਰਮ ਅਵਤਾਰ, ਨਰਸਿੰਘ ਅਵਤਾਰ, ਵਾਮਨ ਅਵਤਾਰ, ਪਰਸ਼ੂਰਾਮ ਅਵਤਾਰ, ਕਲਕੀ ਅਵਤਾਰ ਰਾਮ ਦਰਬਾਰ, ਸ੍ਰੀ ਕ੍ਰਿਸ਼ਨ ਅਤੇ ਰਾਧਾ, ਮਾਤਾ ਸੀਤਾ ਤੇ ਸ੍ਰੀ ਰਾਮ ਅਤੇ ਸ੍ਰੀ ਲਛਮਣ, ਸ਼ਿਵ ਜੀ ਅਤੇ ਮਾਤਾ ਪਾਰਵਤੀ, ਮਾਤਾ ਦੁਰਗਾ ਅਤੇ ਹਨੂੰਮਾਨ ਜੀ, ਗਣੇਸ਼ ਜੀ ਆਦਿ ਸ਼ਾਮਿਲ ਹਨ।

ਦੂਜੇ ਸੈੱਟ ਦੀਆਂ ਤਸਵੀਰਾਂ ਦੇ ਵਿਸ਼ੇ ਹਨ: ਦੇਵੀ ਨੂੰ ਮੱਥਾ ਟੇਕਦੇ ਦੇਵਤੇ, ਸ਼ੇਸਨਾਗ ’ਤੇ ਆਰਾਮ ਕਰ ਰਹੇ ਭਗਵਾਨ ਵਿਸ਼ਣੂ, ਬੰਸਰੀ ਵਜਾਉਂਦੇ ਸ੍ਰੀ ਕ੍ਰਿਸ਼ਨ, ਚੰਨ ਮੰਗਦੇ ਹੋਏ ਬਾਲ ਕ੍ਰਿਸ਼ਨ, ਵਿਸ਼ਣੂ ਦਾ ਬੈਕੁੰਠ, ਧਰੂ ਭਗਤ, ਵਿਦੁਰ ਦੀ ਸੇਵਾ, ਮਾਨਣੀ ਨਾਇਕਾ, ਜ਼ਿੱਦ ਕਰਦੇ ਸ੍ਰੀ ਕ੍ਰਿਸ਼ਨ, ਸੁਦਾਮਾ ਮਿਲਨ, ਰੁਕਮਣੀ ਹਰਣ, ਕ੍ਰਿਸ਼ਨ-ਰਾਧਾ ਘਰ ਮੁੜਦੇ ਹੋਏ, ਬਰਸਾਤ ਦੀ ਸ਼ਾਮ, ਵਿਸ਼ਵਾਮਿੱਤਰ ਦੀ ਪ੍ਰਾਰਥਨਾ, ਅਸੁਰਾਂ ’ਤੇ ਹਮਲਾ ਕਰਦੇ ਸ੍ਰੀ ਰਾਮ, ਦਰੋਪਦੀ ਚੀਰਹਰਣ, ਜੰਗਲ ਜਾਂਦੇ ਪਾਂਡਵ, ਸੀਤਾ ਸਵੰਬਰ, ਰਾਮ ਦਰਬਾਰ ਵਿੱਚ ਵਾਲਮੀਕੀ।

ਚਿੱਤਰਾਂ ਦੇ ਵਿਸ਼ਿਆਂ ’ਤੇ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ ਕਿਉਂਕਿ ਉੱਨ੍ਹੀਵੀਂ ਸਦੀ ਤੀਕ ਹਿੰਦੂ ਅਵਤਾਰਾਂ ਅਤੇ ਸਿੱਖ ਗੁਰੂ ਸਾਹਿਬਾਨ ਵਿਚਕਾਰ ਕੋਈ ਵੰਡੀ ਨਹੀਂ ਸੀ। ਇਸ ਸਮੇਂ ਤੀਕ ਦੀਆਂ ਸਾਰੀਆਂ ਇਮਾਰਤਾਂ ਦੇ ਚਿੱਤਰ ਇਸੇ ਤਰ੍ਹਾਂ ਦੇ ਹਨ। ਬਦਕਿਸਮਤੀ ਨਾਲ ਇਨ੍ਹਾਂ ਵਿੱਚੋਂ ਬਹੁਤੇ ਕਾਰ-ਸੇਵਾ ਕਾਰਨ ਨਸ਼ਟ ਹੋ ਚੁੱਕੇ ਹਨ। ਪੰਜਾਬ ਦੀ ਅਕਾਲੀ ਰਾਜਨੀਤੀ ਨੂੰ ਵੀ ਹਿੰਦੂ-ਸਿੱਖਾਂ ਦੀ ਵੰਡੀ ਵਧੇਰੇ ਰਾਸ ਆਉਂਦੀ ਹੈ। ਇਸ ਵਿਸ਼ੇ ’ਤੇ ਪ੍ਰੋਫੈਸਰ ਹਰਜੋਤ ਓਬਰਾਏ ਦੀ ਕਿਤਾਬ The Construction of Religious Boundaries (ਧਾਰਮਿਕ ਵੰਡੀਆਂ ਦੀ ਉਸਾਰੀ) ਪੜ੍ਹਨਯੋਗ ਹੈ।

ਹੁਣ ਇਹ ਸਮਾਧ ਲਾਹੌਰ ਵਿੱਚ ਇੱਕ ਪ੍ਰਸਿੱਧ ਸੈਲਾਨੀ ਆਕਰਸ਼ਣ ਹੈ, ਜੋ ਕਿ ਇਸ ਖੇਤਰ ਦੇ ਇਤਿਹਾਸ ਅਤੇ ਇਮਾਰਤਸਾਜ਼ੀ ਵਿੱਚ ਦਿਲਚਸਪੀ ਰੱਖਣ ਵਾਲੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਖਿੱਚਦੀ ਹੈ। ਸਮਾਧ ਇੱਕ ਵੱਡੇ ਕੰਪਲੈਕਸ ਦਾ ਹਿੱਸਾ ਹੈ ਜਿਸ ਵਿੱਚ ਡੇਹਰਾ ਗੁਰੂ ਅਰਜਨ ਦੇਵ ਜੀ, ਹਜ਼ੂਰੀ ਬਾਗ, ਬਾਦਸ਼ਾਹੀ ਮਸਜਿਦ ਅਤੇ ਕਿਲ੍ਹਾ ਸ਼ਾਮਿਲ ਹਨ। ਇਹ ਸਮਾਰਕ ਇੱਕਠਿਆਂ ਮਿਲ ਕੇ ਲਾਹੌਰ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੀ ਇੱਕ ਅਮੀਰ ਟੇਪੈਸਟਰੀ (tapestry) ਸਿਰਜਦੀਆਂ ਹਨ।

ਇਸ ਦੀ ਮਹੱਤਤਾ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੂੰ ਸੰਭਾਲ ਅਤੇ ਰੱਖ-ਰਖਾਅ ਨਾਲ ਸਬੰਧਿਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਮਾਰਤ ਸਮੇਂ, ਮੌਸਮ ਅਤੇ ਪ੍ਰਦੂਸ਼ਣ ਦੀ ਮਾਰ ਦਾ ਸਾਹਮਣਾ ਕਰ ਰਹੀ ਹੈ ਜਿਸ ਨਾਲ ਇਸ ਦੇ ਕੰਧ-ਚਿੱਤਰ ਅਤੇ ਹੋਰ ਸਜਾਵਟੀ ਤੱਤ ਖ਼ਰਾਬ ਹੋ ਰਹੇ ਹਨ। ਸਮਾਧ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਹਨ, ਪਰ ਸਾਧਨਾਂ ਅਤੇ ਮੁਹਾਰਤ ਦੀ ਘਾਟ ਕਾਰਨ ਇਨ੍ਹਾਂ ਵਿੱਚ ਰੁਕਾਵਟ ਆ ਰਹੀ ਹੈ।

ਇਹ ਸਮਾਧ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਹੈ, ਜਿਸ ਕਾਰਨ ਇਸ ਨੂੰ ਸ਼ਹਿਰੀਕਰਨ ਦੇ ਦਬਾਅ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਮਾਧ ਦੇ ਨੇੜੇ-ਤੇੜੇ ਕੀਤੇ ਗਏ ਕਬਜ਼ਿਆਂ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਨੇ ਇਸ ਦੀ ਸੰਰਚਨਾਤਮਕ ਅਖੰਡਤਾ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ਅਤੇ ਆਲੇ-ਦੁਆਲੇ ਦੇ ਖੇਤਰ ਦੇ ਸੁਹਜ ਨੂੰ ਵੀ ਘਟਾ ਦਿੱਤਾ ਹੈ। ਸਮਾਧ ਨੂੰ ਇਤਿਹਾਸਕ ਯਾਦਗਾਰ ਵਜੋਂ ਰਾਖੀ ਅਤੇ ਸੰਭਾਲ ਲਈ ਹੋਰ ਠੋਸ ਯਤਨਾਂ ਦੀ ਲੋੜ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਭਾਰਤੀ ਉਪ ਮਹਾਂਦੀਪ ਦੀ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਹ ਇੱਕ ਅਜਿਹੇ ਆਗੂ ਦਾ ਸਮਾਰਕ ਹੈ ਜਿਸ ਨੇ ਆਪਣੀ ਦੂਰ-ਦ੍ਰਿਸ਼ਟੀ ਅਤੇ ਅਗਵਾਈ ਦੁਆਰਾ ਖੁਸ਼ਹਾਲ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠੇ ਕੀਤਾ। ਸਿੱਖ, ਹਿੰਦੂ ਅਤੇ ਇਸਲਾਮੀ ਸ਼ੈਲੀ ਦੇ ਸੁਮੇਲ ਨਾਲ ਸਮਾਧ ਦੀ ਇਮਾਰਤਸਾਜ਼ੀ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਸੰਮਲਿਤ ਅਤੇ ਸਹਿਣਸ਼ੀਲ ਸੁਭਾਅ ਨੂੰ ਦਰਸਾਉਂਦੀ ਹੈ।

ਗੁਰਦੁਆਰਾ ਦਰਬਾਰ ਸਾਹਿਬ - (ਕਰਤਾਰਪੁਰ ਸਾਹਿਬ)

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਜੋਤੀ ਜੋਤ ਸਮਾਏ ਸਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਫ਼ਲਸਫ਼ਾ ਦਿੱਤਾ ਸੀ।

ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਵਸਾਇਆ। ਇੱਥੇ ਉਦਾਸੀ ਦੌਰਾਨ ਹੀ ਜਦ ਗੁਰੂ ਨਾਨਕ ਦੇਵ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਹਨਾਂ ਨੂੰ ਮਿਲਣ ਆਇਆ। ਉਹਨਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਕਿਹਾ ਤੇ ਉਸ ਪਾਸੇ ਗੁਰੂ ਜੀ ਅਤੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਹਾਇਸ਼ ਦੀ ਪ੍ਰਬੰਧ ਵੀ ਕਰ ਦਿਤਾ। ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਵੇਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ। ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ। ਜਿਸ ਦਾ ਬਾਅਦ ਵਿੱਚ ਨਾਮ ਕਰਤਾਰਪੁਰ ਪੈ ਗਿਆ। ਇਸ ਸਥਾਨ ਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹੈ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਉਹ ਮੁਕੱਦਸ ਅਸਥਾਨ ਹੈ, ਜਿੱਥੇ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ਵਿੱਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਸਤਿਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਗੁਰੂ ਨਾਨਕ ਸਾਹਿਬ 70 ਸਾਲ 4 ਮਹੀਨੇ ਦੀ ਆਯੂ ਭੋਗ ਕੇ ਪਰਮਾਤਮਾ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦਿਆਂ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ ਸਨ।

ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪੇ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ  2004 ਵਿੱਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ।ਗੁਰਦਵਾਰਾ ਸਾਹਿਬ ਦੀ ਇਮਾਰਤ ਵਿੱਚ ਜੜਿਆ ਨੀਂਹ ਪੱਥਰ ਦਰਸਾਂਉਦਾ ਹੈ ਕਿ ਪੁਰਾਣੀ ਇਮਾਰਤ ਦਾ ਨੀਂਹ ਪੱਥਰ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸੰਤ ਬਾਬਾ ਬੁੱਡਾ ਜੀ ਨੇ 1929 ਵਿੱਚ ਰਖਿਆ ਸੀ। ਇਹ ਇੱਕ ਖੁੱਲ੍ਹੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ।

ਹਿੰਦੁਸਤਾਨ ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਦੋਵੇਂ ਸਰਕਾਰਾਂ ਦੀ ਰਜ਼ਾਮੰਦੀ ਤੇ ਭਾਰਤੀ ਨਾਗਰਿਕਾਂ ਖ਼ਾਸ ਕਰਕੇ ਸਿੱਖਾਂ ਦੀ ਮੰਗ ਕਾਰਨ, ਕਰਤਾਰਪੁਰ ਲਾਂਘਾ ਉੱਸਰ ਜਾਣ ਨਾਲ ਇਸ ਗੁਰਦਵਾਰੇ ਦੀ ਮਹੱਤਤਾ ਹੋਰਉਜਾਗਰ ਹੋਈ ਹੈ। ਗੁਰਦੁਆਰੇ ਦੀ ਪੁਰਾਣੀ ਇਮਾਰਤ ਸੁਰੱਖਿਅਤ ਰੱਖਦੇ ਹੋਏ 10 ਏਕੜ ਜ਼ਮੀਨ ਦਾ ਸਮੇਂ ਦੇ ਹਾਣੀ ਤਰੀਕੇ ਨਾਲ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਚਾਰੇ ਪਾਸੇ ਬਰਾਂਡਿਆਂ ਨਾਲ ਘਿਰਿਆ ਵਿਸ਼ਾਲ ਮੈਦਾਨ, ਸਰੋਵਰ, ਲੰਗਰ ਘਰ, ਦੋ ਸੁੰਦਰ ਦਰਸ਼ਨੀ ਡਿਉੜੀਆਂ, ਗੁਰੂ ਸਾਹਿਬ ਵੇਲੇ ਦੀ ਪੁਰਾਤਨ ਮਜ਼ਾਰ,ਸਸਕਾਰ ਅਸਥਾਨ,ਪੁਰਾਤਨ ਟਿੰਡਾਂ ਵਾਲਾ ਖੂਹ ਜਿਸ ਨੂੰ ਬਲਦਾਂ ਦੀ ਥਾਵੇਂ ਬਿਜਲਈ ਮੋਟਰ ਨਾਲ ਗੇੜਿਆ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।ਆਸੇ ਪਾਸੇ ਸ਼ਾਨਦਾਰ ਫੁੱਲਾਂ ਨਾਲ ਸੁਸੱਜਿਤ, ਵਿਸ਼ਾਲ ਖੰਡੇ ਦੀ ਸ਼ਕਲ ਵਾਲੀ ਕਟਿੰਗ ਨਾਲ 36 ਏਕੜ ਦਾ ਘਾਹ ਦਾ ਮੈਦਾਨ ਤੇ ਗੁਰਦਵਾਰੇ ਦੇ ਮੈਦਾਨ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੀ ਸ਼ਕਲ ਵਾਲੇ ਇੱਕ ਥੜੇ ਦਾ ਨਿਰਮਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਕ੍ਰਿਪਾਨ ਵਾਲੇ ਥੜੇ ਤੋਂ ਪਰਦਾ ਹਟਾ ਕੇ 9 ਨਵੰਬਰ 2019 ਨੂੰ ਇਸ ਸਾਰੇ ਗੁਰਦਵਾਰਾ ਕੰਪਲੈਕਸ ਤੇ ਇਸ ਰਾਹੀਂ ਪੂਰੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ।ਗੁਰਦਵਾਰਾ ਸਾਹਿਬ ਅੰਦਰ ਸ਼ਸੋਭਤ ਸੁੰਦਰ ਸੋਨੇ ਦੀ ਪਾਲਕੀ ਦਿੱਲੀ ਦੀ ਸੰਗਤ ਵੱਲੋਂ ਭੇਟ ਕੀਤੀ ਗਈ ਹੈ।

ਲਾਹੌਰ ਸ਼ਹਿਰ

ਲਹੌਰ (Lahore) ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਅਤੇ ਕਰਾਚੀ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਰਾਵੀ ਦਰਿਆ ਦੇ ਕੰਢੇ ਵਸਿਆ ਹੈ। ਇਹ ਇੱਕ ਇਤਿਹਾਸਕ ਸ਼ਹਿਰ ਹੈ, ਜਿਸ ਨੂੰ ਪਾਕਿਸਤਾਨ ਦਾ ਸੱਭਿਆਚਾਰਕ ਅਤੇ ਵਿਦਿਅਕ ਕੇਂਦਰ ਮੰਨਿਆ ਜਾਂਦਾ ਹੈ, ਅਤੇ ਇਸ ਨੂੰ ਅਕਸਰ ‘ਪਾਕਿਸਤਾਨ ਦਾ ਦਿਲ’ ਕਿਹਾ ਜਾਂਦਾ ਹੈ 

ਏਥੇ ਗੁਰੂ ਨਾਨਕ ਦੇਵ ਜੀ ਕਈ ਵਾਰ ਏਥੇ ਆਏ।ਗੁਰੂ ਰਾਮਦਾਸ ਜੀ ਦਾ ਤਾਂ ਜਨਮ ਹੀ ਇਸ ਥਾਂ ਹੋਇਆ ਤੇ ੳਨ੍ਹਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੀ ਇਸੇ ਥਾਂ ਹੋਈ ਜਿਸ ਪਿਛੋਂ ਸਿੱਖ ਇਤਿਹਾਸ ਦਾ ਸ਼ਹੀਦੀਆਂ ਦਾ ਦੌਰ ਚੱਲਿਆ। ਇਸੇ ਸ਼ਹਿਰ ਵਿੱਚ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟ ਗਏ ਤੇ ਭਾਈ ਤਾਰੂ ਸਿੰਘ ਜੀ ਨੇ ਕੇਸ ਕਟਵਾਉਣ ਦੀ ਥਾਂ ਖੋਪੜੀ ਲਹਾਉਣੀ ਮਨਜ਼ੂਰ ਕੀਤੀ।ਏਥੇ ਹੀ ਭਾਈ ਮਨੀ ਸਿੰਘ ਦੀ ਸਿੰਘਣੀ ਨਾਲ ਹੋਰ ਬਹੁਤ ਸਿੰਘਣੀਆਂ ਨੇ ਸ਼ਹੀਦੀ ਹੀ ਪ੍ਰਾਪਤ ਨਹੀਂ ਕੀਤੀ ਸਗੋਂ ਬਾਲਾਂ ਦੇ ਹੋਏ ਟੋਟੇ ਗਲੀਂ ਪਵਾਏ ਚੱਕੀਅਆਂ ਤੇ ਸਵਾ ਸਵਾ ਮਣ ਪੀਸਣਾ ਪੀਸਿਆ ਤੇ ਖੰਨੀ ਖੰਨੀ ਤੇ ਗੁਜ਼ਾਰਾ ਕੀਤਾ।ਇਥੇ ਹੀ ਦੋਨੋਂ ਪਿਉ ਪੁੱਤ ਮਹਿਤਾਬ ਸਿੰਘ ਅਤੇ ਸ਼ਤਾਬ ਸਿੰਘ ਚਰਖੜੀਆਂ ਤੇ ਚੜ੍ਹੇ।ਜਦ ਅਸੀਂ ਅਰਦਾਸ ਕਰਦੇ ਹਾਂ ਕਿ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ….. ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!ਮਿਸਲਾਂ ਨੇ ਇਸ ਜ਼ੁਲਮਾਂ ਦੀ ਲੀਹ ਨੂੰ ਤੋੜ ਕੇ ਲਾਹੌਰ ਅਪਣੇ ਕਬਜ਼ੇ ਵਿੱਚ ਲੈ ਲਿਆ ਤੇ ਫਿਰ ਸ਼ੁਕਰਚੱਕੀਆ ਮਿਸਲ ਦਾ ਆਗੂ ਰਣਜੀਤ ਸਿੰਘ ਮਹਾਰਾਜਾ ਬਣਿਆ ਜਿਸ ਦਾ ਰਾਜ ਖੈਬਰ ਤੋਂ ਲੈ ਕੇ ਅਜੋਕੇ ਭਾਰਤੀ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੇਹ ਲਦਾਖ ਦੇ ਇਲਾਕੇ ਤਕ ਫੈਲਿਆ ਹੋਇਆ ਸੀ।ਇਹ ਸਿੱਖ ਰਾਜ 1849 ਈ ਤੱਕ ਚੱਲਿਆ ਜਿਸ ਨੂੰ ਅੰਗ੍ਰੇਜ਼ਾਂ ਨੇ ਛਲ ਕਰਕੇ ਹਥਿਆ ਲਿਆ। ਪਰ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਕਰ ਗਿਆ ਉਸ ਦੀ ਮਿਸਾਲ ਦੁਨੀਆਂ ਵਿਚ ਨਹੀਂ।

 

ਲਾਹੌਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ – ਇਤਿਹਾਸਕ ਅਤੇ ਵਿਰਾਸਤੀ ਸਥਾਨ:

 

  • ਬਾਦਸ਼ਾਹੀ ਮਸਜਿਦ: ਦੁਨੀਆ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ਵਿੱਚੋਂ ਇੱਕ, ਜੋ ਆਪਣੀ ਸ਼ਾਨਦਾਰ ਮੁਗਲ ਆਰਕੀਟੈਕਚਰ ਲਈ ਜਾਣੀ ਜਾਂਦੀ ਹੈ।
  • ਲਾਹੌਰ ਕਿਲ੍ਹਾ: ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ, ਜਿਸ ਵਿੱਚ ਸ਼ੀਸ਼ ਮਹਿਲ ਅਤੇ ਹੋਰ ਇਤਿਹਾਸਕ ਇਮਾਰਤਾਂ ਹਨ।
  • ਸ਼ਾਲੀਮਾਰ ਬਾਗ: ਮੁਗਲ ਬਾਗਬਾਨੀ ਦਾ ਇੱਕ ਸ਼ਾਨਦਾਰ ਨਮੂਨਾ, ਜੋ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀ।
  • ਡਾਟਾ ਦਰਬਾਰ: ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੂਫੀ ਦਰਬਾਰਾਂ ਵਿੱਚੋਂ ਇੱਕ।
  • ਵਜ਼ੀਰ ਖਾਨ ਮਸਜਿਦ: ਆਪਣੀ ਸੁੰਦਰ ਕਾਸ਼ੀਕਾਰੀ (tile work) ਅਤੇ ਚਿੱਤਰਕਾਰੀ ਲਈ ਮਸ਼ਹੂਰ।
  • ਜਹਾਂਗੀਰ ਦਾ ਮਕਬਰਾ: ਮੁਗਲ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ।
  • ਵਾਲਡ ਸਿਟੀ / ਅੰਦਰੂਨ ਸ਼ਹਿਰ: ਪੁਰਾਣੇ ਲਾਹੌਰ ਦੀਆਂ ਤੰਗ ਗਲੀਆਂ ਅਤੇ ਰਵਾਇਤੀ ਬਾਜ਼ਾਰ (ਜਿਵੇਂ ਦਿੱਲੀ ਗੇਟ, ਅਨਾਰਕਲੀ)।
  • ਮਿਨਾਰ-ਏ-ਪਾਕਿਸਤਾਨ: ਇੱਕ ਯਾਦਗਾਰੀ ਟਾਵਰ ਜੋ ਦੇਸ਼ ਦੀ ਆਜ਼ਾਦੀ ਦੀ ਨਿਸ਼ਾਨੀ ਹੈ।
  • ਵਾਹਗਾ ਬਾਰਡਰ: ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਰੋਜ਼ਾਨਾ ਫਲੈਗ-ਲੋਅਰਿੰਗ ਸਮਾਰੋਹ।
  • ਧਾਰਮਿਕ ਅਤੇ ਸੱਭਿਆਚਾਰਕ ਸਥਾਨ: ਇਹ ਲਾਹੌਰ ਕਿਲ੍ਹੇ ਅਤੇ ਬਾਦਸ਼ਾਹੀ ਮਸਜਿਦ ਦੇ ਨੇੜੇ ਸਥਿਤ ਹੈ, ਜੋ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ।
  • ਮਹਾਰਾਜਾ ਰਣਜੀਤ ਸਿੰਘ ਦੀ ਸਮਾਧ: ਇਹ ਹਜ਼ੂਰੀ ਬਾਗ ਦੇ ਨੇੜੇ ਸਥਿਤ ਹੈ ਅਤੇ ਸਿੱਖ ਰਾਜ ਦੇ ਸ਼ਾਨਦਾਰ ਇਤਿਹਾਸ ਦੀ ਯਾਦ ਦਿਵਾਉਂਦੀ ਹੈ।
     
Scroll to Top