ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ
——– ਸਚਖੰਡ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਪ੍ਰੋਗਰਾਮ ——–
Day 1 – ਸਚਖੰਡ ਸ਼੍ਰੀ ਹਜੂਰ ਸਾਹਿਬ ਜੀ ਲਈ ਰਵਾਨਗੀ
Day 2- ਸਚਖੰਡ ਸ਼੍ਰੀ ਹਜੂਰ ਸਾਹਿਬ ਜੀ ਪਹੁੰਚਗੇ
Day 3 – ਗੁਰਦੁਆਰਾ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਆਲੇ ਦੁਆਲੇ ਦੀਆਂ ਥਾਵਾਂ (ਪੈਦਲ ਵਾਲੇ ਨੇੜੇ ਦੇ ਗੁਰੂਦੁਆਰੇ)
Day 4- ਸਚਖੰਡ ਸ਼੍ਰੀ ਹਜੂਰ ਸਾਹਿਬ ਜੀ ਦੇ ਨੇੜਲੇ ਗੁਰੂਦੁਆਰੇ । Local Gurdwara
Day 5 – ਗੁਰਦੁਆਰਾ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਆਲੇ ਦੁਆਲੇ ਦੀਆਂ ਥਾਵਾਂ
Day 6 – ਭਗਤ ਨਾਮਦੇਵ ਜੀ ਦਾ ਘਰ । 5500 ਸਾਲ ਪੁਰਾਣਾ ਮੰਦਿਰ
Day 7 – ਗੁਰੂਦੁਆਰਾ ਨਾਨਕ ਝੀਰਾ ਸਾਹਿਬ
Day 8 – ਸਚਖੰਡ ਸ਼੍ਰੀ ਹਜੂਰ ਸਾਹਿਬ ਦਾ ਬਾਜ਼ਾਰ (Rest Day – Shopping Day)
Day 9 – ਪੰਜਾਬ ਲਈ ਰਵਾਨਗੀ
Day 10 – ਲੁਧਿਆਣਾ ਪਹੁੰਚਗੇ
ਸਚਖੰਡ ਸ਼੍ਰੀ ਹਜੂਰ ਸਾਹਿਬ ਜੀ

ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਇੱਕ ਗੁਰਦੁਆਰਾ ਹੈ। ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ। ਇੱਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ। ਇਹ ਢਾਂਚਾ ਉਸ ਸਥਾਨ ‘ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੀਵਨ ਤਿਆਗਿਆ ਸੀ। ਕੰਪਲੈਕਸ ਦੇ ਅੰਦਰ ਗੁਰਦੁਆਰੇ ਨੂੰ ਸੱਚ-ਖੰਡ (ਸੱਚ ਦੇ ਖੇਤਰ) ਵਜੋਂ ਜਾਣਿਆ ਜਾਂਦਾ ਹੈ । ਗੁਰਦੁਆਰੇ ਦੇ ਅੰਦਰਲੇ ਕਮਰੇ ਨੂੰ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ ਅਤੇ ਇਹ ਉਸ ਥਾਂ ਉੱਤੇ ਬਣਿਆ ਹੈ ਜਿੱਥੇ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਸੀ।
ਹਜ਼ੂਰ ਸਾਹਿਬ ਜਿਸ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਵੀ ਕਿਹਾ ਜਾਂਦਾ ਹੈ , ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ । ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ (1780-1839) ਦੁਆਰਾ 1832 ਅਤੇ 1837 ਦੇ ਵਿਚਕਾਰ ਬਣਾਇਆ ਗਿਆ ਸੀ। ਇਹ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਨਾਂਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ ।
ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸਥਿਤ ਸਿੱਖ ਕੌਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ। ਇਹ ਉਹ ਅਸਥਾਨ ਹੈ ਜਿੱਥੇ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਆਪਣੇ ਅਖੀਰਲੇ ਦਿਨ ਬਤੀਤ ਕੀਤੇ ਸਨ। ਗੁਰੂ ਪਾਤਸ਼ਾਹ ਮੁਗਲ ਫੌਜਾਂ ਨਾਲ ਜੰਗ ਲੜਦੇ ਲੜਦੇ ਵੱਖ ਵੱਖ ਥਾਵਾਂ ਉਤੋਂ ਦੀ ਹੁੰਦੀ ਹੋਏ ਸੰਨ 1708 ਈਸਵੀ ਨੂੰ ਨਾਂਦੇੜ ਵਿੱਚ ਪਹੁੰਚੇ। ਗੁਰੂ ਪਾਤਸ਼ਾਹ ਇਸ ਅਸਥਾਨ ਤੇ ਕਾਫ਼ੀ ਸਮਾਂ ਰਹੇ। ਇਸ ਵਿਚਾਲੇ ਗੁਰੂ ਪਾਤਸ਼ਾਹ ਦੀ ਮੁਲਾਕਾਤ ਇੱਕ ਵੈਰਾਗੀ ਨਾਲ ਹੋਈ। ਜਿਸਨੂੰ ਮਾਧੋ ਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮਾਧੋ ਲਾਲ ਨੇ ਦੱਸਿਆ ਕਿ ਕਿਸ ਤਰ੍ਹਾਂ ਬਚਪਨ ਵਿੱਚ ਉਹਨਾਂ ਤੋਂ ਗਰਭਵਤੀ ਹਿਰਣੀ ਦਾ ਸ਼ਿਕਾਰ ਹੋ ਗਿਆ ਸੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਮਾਧੋ ਲਾਲ ਨੂੰ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਵਾਕੇ ਸਿੰਘ ਸਾਜਿਆ ਅਤੇ ਨਵਾਂ ਨਾਮ ਦਿੱਤਾ ਬੰਦਾ ਸਿੰਘ ਬਹਾਦਰ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸਮੇਂ ਦੀ ਪਵਿੱਤਰ ਯਾਦ ਨੂੰ ਤਾਜਾ ਕਰਵਾ ਰਿਹਾ ਹੈ। ‘ਮਹਾਨ ਕੋਸ਼’ ਅਨੁਸਾਰ, ਨੰਦੇੜ, ਜੀ. ਆਈ. ਪੀ. ਰੇਲਵੇ ਦਾ ਸਫਰ ਮਨਮਾਡ ਜੰਕਸ਼ਨ ਤੋਂ ਨਿਜਾਮ ਸਟੇਟ ਰੇਲਵੇ ਦੇ ਰਸਤੇ ੧੭੨ (172) ਮੀਲ ਹੈ।੨੨ (22) ਭਾਰਤ ਦਾ ਇਹ ਪੁਰਾਤਨ ਇਤਿਹਾਸਿਕ ਅਤੇ ਧਾਰਮਿਕ ਨਗਰ ਪਹਿਲਾਂ ਹੈਦਰਾਬਾਦ ਰਿਆਸਤ ਦਾ ਹਿੱਸਾ ਸੀ। ਸੰਨ ੧੯੫੬ (1956) ਵਿਚ ਪ੍ਰਾਂਤਾਂ ਦੀ ਹੋਈ ਨਵੀਂ ਹੱਦ-ਬੰਦੀ ਵਿਚ ਨਾਂਦੇੜ ਸਾਹਿਬ ਨੂੰ ਮਹਾਂਰਾਸ਼ਟਰ ਪ੍ਰਾਂਤ ਵਿਚ ਸ਼ਾਮਲ ਕਰ ਦਿੱਤਾ ਸੀ। ਮਹਾਂਰਾਸ਼ਟਰ ਪ੍ਰਾਂਤ ੧੯੫੬ (1956) ਵਿਚ ਬੰਬਈ ਪ੍ਰਾਂਤ ਦੇ ਭਾਸ਼ਾਈ ਪੁਨਰਗਠਨ ਦੇ ਨਤੀਜੇ ਵਜੋਂ ਹੋਂਦ ਵਿਚ ਆਇਆ।੨੩ ਹਜੂਰ ਸਾਹਿਬ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪ ਕੇ ਆਪਣੀ ਸੰਸਾਰ ਯਾਤਰਾ ਪੂਰੀ ਕੀਤੀ ਸੀ। ਨਾਂਦੇੜ ਸਾਹਿਬ ਦੇ ਸਟੇਸ਼ਨ ਤੋਂ ਡੇਢ ਕਿਲੋਮੀਟਰ ਦੂਰੀ ‘ਤੇ ਮੌਜੂਦ ਇਹ ਪਵਿੱਤਰ ਅਸਥਾਨ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇਕ ਤਖ਼ਤ ਵਜੋਂ ਸਥਾਪਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ ਉਪਰ ਆਗਮਨ ਵੇਲੇ ਇਸ ਥਾਂ ਦਾ ਮਾਲਕ ਇਕ ਮੁਸਲਮਾਨ ਸੀ। ਦਸਮ ਪਾਤਸ਼ਾਹ ਨੇ ਇਸ ਅਸਥਾਨ ਦੇ ਚਾਰੇ ਪਾਸੇ ਇਕ ਜੋਜਨ ਤਕ ਜਮੀਨ ਮੁੱਲ ਖਰੀਦੀ ਸੀ ਅਤੇ ਉਸ ਮੁਸਲਮਾਨ ਨੂੰ ਇਸ ਥਾਂ ਦੇ ਬਦਲੇ ਮੋਹਰਾਂ ਭੇਟ ਕੀਤੀਆਂ ਸੀ। ਭਾਈ ਸੰਤੋਖ ਸਿੰਘ ਨੇ ਇਸ ਦਾ ਜ਼ਿਕਰ ਇਉਂ ਕੀਤਾ ਹੈ
ਇਕ ਜੋਜਨ ਲਗਿ ਗੁਰੂ ਸਥਾਨਾ।ਕੋ ਨ ਕਰੈ ਦਾਵਾ ਲਿਹੁ ਜਾਨਾ।
ਸਗਰੇ ਨਗਰ ਪ੍ਰਗਟ ਭੀ ਗਾਥਾ।ਭੂਮਿ ਮੋਲ ਲੀਨਸਿ ਗੁਰ ਨਾਥਾ॥੭॥
ਜਦੋਂ ਦਸਮ ਪਾਤਸ਼ਾਹ ਜੀ ਨਾਂਦੇੜ ਵਿਚ ਰਹਿ ਰਹੇ ਸੀ ਤਾਂ ਇਕ ਦਿਨ ਸਰਹੰਦ ਦੇ ਨਵਾਬ ਵਜੀਰ ਖਾਂ ਵੱਲੋਂ ਗੁਰੂ ਜੀ ਨੂੰ ਕਤਲ ਕਰਨ ਲਈ ਭੇਜੇ ਦੋ ਪਠਾਣਾਂ ਵਿੱਚੋਂ ਇਕ ਨੇ ਮੌਕਾ ਦੇਖ ਕੇ ਗੁਰੂ ਜੀ ਦੀ ਵੱਖੀ ਵਿਚ ਕਟਾਰ ਨਾਲ ਵਾਰ ਕਰ ਦਿੱਤਾ ਸੀ।ਗੁਰੂ ਸਾਹਿਬ ਨੇ ਵੀ ਕਿਰਪਾਨ ਨਾਲ ਉਸ ਨੂੰ ਉੱਥੇ ਹੀ ਚਿਤ ਕਰ ਦਿੱਤਾ ਅਤੇ ਉਸਦੇ ਦੂਜੇ ਸਾਥੀ ਨੂੰ ਸਿੰਘਾਂ ਨੇ ਢੇਰ ਕਰ ਦਿੱਤਾ ਸੀ। ਸ਼ਹਿਰ ਦੇ ਇਕ ਸਿਆਣੇ ਜੱਰਾਹ ਨੇ ਗੁਰੂ ਜੀ ਦੇ ਜ਼ਖ਼ਮ ਨੂੰ ਸਾਫ਼ ਕਰ ਕੇ ਟਾਂਕੇ ਲਗਾ ਦਿੱਤੇ ਸੀ
ਯਹ ਬਚ ਸੁਨੇ ਖਲਸਾ ਜਬੈ।ਧੋਆ ਘਾਉ ਨਾਥ ਕਾ ਸਬੈ।
ਸੂਈ ਧਾਗਾ ਰੇਸਮ ਮਾਹੀ। ਸੀਤਾ ਜਖਮ ਪ੍ਰਭੂ ਕਾ ਆਹੀ।੪੬।੨੫
ਕੁਝ ਹੀ ਦਿਨਾਂ ਵਿਚ ਜਖ਼ਮ ਰਾਜ਼ੀ ਹੋ ਗਿਆ। ਇਕ ਦਿਨ ਇਕ ਸਿੱਖ ਦੀ ਭੇਟ ਕੀਤੀ ਕਮਾਨ ਦਾ ਚਿੱਲਾ ਚੜਾਉਂਦਿਆਂ ਜ਼ਖ਼ਮ ਮੁੜ ਖੁਲ੍ਹ ਗਿਆ। ਜਿਸ ਨੂੰ ਮੁੜ ਟਾਂਕੇ ਲਾਉਣ ਤੋਂ ਗੁਰੂ ਸਾਹਿਬ ਨੇ ਸੰਗਤ ਨੂੰ ਵਰਜ ਦਿੱਤਾ ਤੇ ਕਿਹਾ ਹੁਣ ਸਾਡੇ ਸੱਚਖੰਡ ਗਮਨ ਦਾ ਸਮਾਂ ਨੇੜੇ ਆ ਗਿਆ ਹੈ। ਮੌਜੂਦਾ ਸੱਚਖੰਡ ਸਾਹਿਬ ਵਾਲੇ ਪਵਿੱਤਰ ਅਸਥਾਨ ਉੱਤੇ ਆਪ ਨੇ ਤਖ਼ਤ ਸਜਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੰਗਵਾ ਕੇ ਤਖ਼ਤ ਉੱਤੇ ਪ੍ਰਕਾਸ਼ ਕੀਤਾ। ੪ ਅਕਤੂਬਰ, ੧੭੦੮ ਈ. (8 ਅਕਤੂਬਰ, 1708) ਨੂੰ ਸੱਚਖੰਡ ਗਮਨ ਤੋਂ ਤਿੰਨ ਦਿਨ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ ਦੀ ਧਰਤੀ ਤੇ ਹੀ ਸ੍ਰੀ ਗੁਰੂ ਗੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਪ੍ਰਦਾਨ ਕੀਤੀ ਅਤੇ ਦੇਹਧਾਰੀ ਗੁਰੂ ਪਰੰਪਰਾ ਸਿੱਖ ਧਰਮ ਵਿੱਚੋਂ ਖਤਮ ਕਰ ਕੇ ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ’ ਮੰਨਣ ਦਾ ਹੁਕਮ ਦਿੱਤਾ।
ਪੈਸੇ ਪਾਂਚ ਨਸ਼ੇਰ ਲੈ ਤਿਸ ਅਗਰ ਟਿਕਾਯੋ।
ਕਰ ਪ੍ਰਕਰਮਾਂ ਗੁਰੂ ਜੀ ਨਿਜ ਮਾਥ ਝੁਕਾਯੋ।
ਗੁਰੂ ਗ੍ਰੰਥ ਕੋ ਗੁਰੂ ਥਾਪਿਓ ਕੁਣਕਾ ਬਟਵਾਯੋ।
ਸ੍ਰੀ ਮੁਖ ਤੈ ਸਭ ਸਿਖਨ ਕੋ ਇਮ ਹੁਕਮ ਸੁਣਾਯੋ।
ਤਥਾ ਹੀ ਸ੍ਰੀ ਮੁਖਵਾਕ ਦੋਹਰਾ
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ।
ਸੰਮਤ ਸਤ੍ਹਾ ਸੈ ਭਏ ਪੈਂਸਠ ਬਰਖ ਪ੍ਰਮਾਨ
ਕਾਤਕ ਸੂਦ ਭਈ ਪੰਚਮੀ ਨਿਸ ਕਾਰਨ ਕਰਿ ਜਾਨ॥੩੭॥੮੦੨॥੨੯
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅੰਗੀਠੇ ਵਾਲੇ ਅਸਥਾਨ ਨੂੰ ਗੁਰੂ ਕੇ ਸਿੰਘਾਂ ਨੇ ਪੱਕਾ ਕਰਵਾਇਆ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਜਿਸ ਥਾਂ ਉੱਤੇ ਗੁਰੂ ਸਾਹਿਬ ਦਾ ਅੰਗੀਠਾ ਤਿਆਰ ਕੀਤਾ ਗਿਆ, ਉੱਥੇ ਹੁਣ ਮੁੱਖ ਗੁਰੂ-ਧਾਮ ਬਣਿਆ ਹੋਇਆ ਹੈ, ਉਸ ਨੂੰ ‘ਤਖ਼ਤ ਸਾਹਿਬ’ ਵੀ ਕਿਹਾ ਜਾਂਦਾ ਹੈ। ਇਸ ਅਸਥਾਨ ਦੀ ਜਥੇਦਾਰੀ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਸਪੁਰਦ ਹੋਈ।ਇਨ੍ਹਾਂ ਤੋਂ ਬਾਅਦ ਭਾਈ ਸੰਤੋਖ ਸਿੰਘ ਨੂੰ ਜਥੇਦਾਰ ਥਾਪਿਆ ਗਿਆ ਸੀ। ਸੰਨ ੧੮੨੩ ਈ. (1823) ਦੇ ਨੇੜੇ-ਤੇੜੇ ਗੁਰੂ-ਧਾਮ ਦੀ ਵਿਵਸਥਾ ਹੈਦਰਾਬਾਦ ਰਿਆਸਤ ਦੇ ਦੀਵਾਨ ਰਾਜਾ ਚੰਦੂ ਲਾਲ ਨੇ ਉਦਾਸੀ ਸਾਧਾਂ ਦੇ ਹਵਾਲੇ ਕੀਤੀ ਅਤੇ ੫੨੫ (525) ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾਈ। ਸੰਨ ੧੮੩੨ ਈ. (1832) ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਮਿਸਤਰੀ ਭੇਜ ਕੇ ਗੁਰੂ-ਧਾਮ ਦੀ ਨਵੀਂ ਇਮਾਰਤ ਉਸਰਵਾਈ। ਨਾਭਾ, ਪਟਿਆਲਾ, ਕਪੂਰਥਲਾ, ਜੀਂਦ, ਤੇ ਫਰੀਦਕੋਟ ਦੇ ਰਾਜਿਆਂ ਨੇ ਵੀ ਇਸ ਅਸਥਾਨ ਦੀ ਸੇਵਾ ਵਿਚ ਪਿਆਰ ਤੇ ਸ਼ਰਧਾ ਦਿਖਾਈ ਸੀ। ਮੌਜੂਦਾ ਸਮੇਂ ਗਿਆਨੀ ਕੁਲਵੰਤ ਸਿੰਘ ਜੀ ਇਸ ਅਸਥਾਨ ਤੇ ਜਥੇਦਾਰੀ ਦੀ ਸੇਵਾ ਸੰਭਾਲ ਰਹੇ ਹਨ।
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣਾ
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਹਾਦਤ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਗੁਰੂ ਸਾਹਿਬ ਤੋਂ ਪੰਜਾਬ ਆਉਣ ਦੀ ਆਗਿਆ ਮੰਗੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ 5 ਸਿੰਘ ਬੰਦਾ ਸਿੰਘ ਬਹਾਦਰ ਨਾਲ ਪੰਜਾਬ ਭੇਜੇ ਅਤੇ ਨਾਲ ਹੀ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਜਿਸ ਵਿੱਚ ਬੰਦੇ ਦਾ ਸਾਥ ਦੇਣ ਲਈ ਕਿਹਾ ਗਿਆ ਸੀ।
ਵਜ਼ੀਰ ਖਾਂ ਨੇ ਕਰਵਾਇਆ ਹਮਲਾ
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ 2 ਪਠਾਣਾਂ ਨੂੰ ਭੇਜਿਆ। ਆਪਣੀ ਯੋਜਨਾ ਨੂੰ ਅੰਜ਼ਾਮ ਦੇਣ ਲਈ ਦੋਵੇਂ ਪਠਾਣ ਉਸ ਅਸਥਾਨ ਤੇ ਰੋਜ ਆਇਆ ਕਰਦੇ ਸਨ ਜਿੱਥੇ ਗੁਰੂ ਸਾਹਿਬ ਠਹਿਰਦੇ ਸਨ। ਉਹਨਾਂ ਨੇ ਇਲਾਕੇ ਦੀ ਚੰਗੀ ਤਰ੍ਹਾਂ ਜਾਣਕਾਰੀ ਲਈ ਕਿ ਕਦੋਂ ਗੁਰੂ ਜੀ ਇਕੱਲੇ ਹੁੰਦੇ ਆ, ਗੁਰੂ ਜੀ ਕਿੱਥੇ ਕਿੱਥੇ ਜਾਂਦੇ ਹਨ। ਇਸ ਸਭ ਜਾਣਕਾਰੀ ਲੈਣ ਤੋਂ ਬਾਅਦ ਇੱਕ ਦਿਨ ਪਠਾਣਾਂ ਨੇ ਅਚਾਨਕ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਪਿੱਠ ਤੇ ਹੋਏ ਵਾਰ ਦਾ ਜਵਾਬ ਦਿੰਦਿਆਂ ਗੁਰੂ ਸਾਹਿਬ ਨੇ ਇੱਕ ਪਠਾਣ ਨੂੰ ਮੌਕੇ ਤੇ ਹੀ ਮਾਰ ਗਿਰਾਇਆ। ਜਦੋਂਕਿ ਦੂਜੇ ਪਠਾਣ ਨੇ ਹਮਲੇ ਮਗਰੋਂ ਭੱਜਣ ਦੀ ਕੋਸ਼ਿਸ ਕੀਤੀ। ਪਰ ਨੇੜੇ ਮੌਜੂਦ ਸਿੰਘਾਂ ਨੇ ਉਸ ਦਾ ਵੀ ਸੌਧਾ ਲਗਾ ਦਿੱਤਾ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਜਖਮ ਨੂੰ ਮੱਲਮ ਪੱਟੀ ਕੀਤੀ ਗਈ। ਕੁੱਝ ਦਿਨਾਂ ਬਾਅਦ ਗੁਰੂ ਸਾਹਿਬ ਦੀ ਸਿਹਤ ਵਿੱਚ ਸੁਧਾਰ ਆਉਣ ਲੱਗ ਪਿਆ। ਗੁਰੂ ਸਾਹਿਬ ਇੱਕ ਦਿਨ ਕਮਾਨ ਨੂੰ ਠੀਕ ਕਰ ਰਹੇ ਸਨ ਤਦੀਂ ਜਖਮ ਤੇ ਲਗਾਏ ਗਏ ਟਾਂਕੇ ਖੁੱਲ੍ਹ ਗਏ ਅਤੇ ਖੂਨ ਵਹਿਣ ਲੱਗ ਪਿਆ। ਜਿਸ ਤੋਂ ਬਾਅਦ ਗੁਰੂ ਸਾਹਿਬ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ।
ਸ੍ਰੀ ਗਰੂ ਗ੍ਰੰਥ ਸਾਹਿਬ ਨੂੰ ਗੁਰਿਆਈ
ਗੁਰੂ ਪਾਤਸ਼ਾਹ ਨੇ ਆਪਣੀ ਅੰਤਲੇ ਸਮੇਂ ਵਿੱਚ ਸਾਰੀਆਂ ਮੌਜੂਦ ਸੰਗਤਾਂ ਨੂੰ ਹੁਕਮ ਦਿੱਤਾ ਕਿ ਉਹਨਾਂ ਤੋਂ ਬਾਅਦ ਖਾਲਸਾ ਪੰਥ ਦੀ ਅਗਵਾਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਨਗੇ ਅਤੇ ਉਹੀ ਪੰਥ ਦੇ ਗੁਰੂ ਹੋਣਗੇ ਇਸ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਿਸ ਨਹੀ ਹੋਵੇਗਾ।
ਗੁਰੂ ਸਾਹਿਬ ਦਾ ਅੰਤਿਮ ਸਸਕਾਰ
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਗੁਰੂ ਪਾਤਸ਼ਾਹ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਇਸ ਤੋਂ ਬਾਅਦ ਸੰਗਤਾਂ ਨੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ ਅੰਗੀਠਾ ਸਾਹਿਬ ਤਿਆਰ ਕੀਤਾ ਅਤੇ ਸਸਕਾਰ ਕੀਤਾ। ਜਿਸ ਥਾਂ ਤੇ ਸਸਕਾਰ ਕੀਤਾ ਗਿਆ ਸੀ ਉਸ ਥਾਂ ਤਖਤ ਸ਼੍ਰੀ ਹਜ਼ੂਰ ਸਾਹਿਬ ਸੁਭਾਇਮਾਨ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਸੇਵਾ
ਜਦੋਂ ਪੰਜਾਬ ਵਿੱਚ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਹਨਾਂ ਨੇ ਗੁਰੂਘਰਾਂ ਦੀ ਸੇਵਾ ਦਾ ਜ਼ਿੰਮਾ ਚੁੱਕਿਆ। 1832 ਵਿੱਚ ਮਹਾਰਾਜਾ ਨੇ ਪੰਜਾਬ ਵਿੱਚੋਂ ਮਿਸਤਰੀ ਤਖ਼ਤ ਸਾਹਿਬ ਦੀ ਸੇਵਾ ਲਈ ਭੇਜੇ।
ਸੱਚਖੰਡ ਸ਼੍ਰੀ ਹਜ਼ੂਰ ਸਾਹਿਬ
ਨਾਲ ਜੁੜੇ ਹੋਏ ਬਾਹਰਲੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਲੰਗਰ ਸਾਹਿਬ
ਗੁਰਦੁਆਰਾ ਲੰਗਰ ਸਾਹਿਬ ਤਖ਼ਤ ਸੱਚਖੰਡ ਸਾਹਿਬ ਤੋਂ ਲਗਪਗ ਅੱਧਾ ਕਿਲੋਮੀਟਰ ਦੀ ਦੂਰੀ ‘ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਨਜ਼ਦੀਕ, ਗੋਦਾਵਰੀ ਨਦੀ ਦੇ ਕੰਢੇ ਸੁਸ਼ੋਭਿਤ ਹੈ। ਇਸ ਅਸਥਾਨ ਨੂੰ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਵੀ ਕਿਹਾ ਜਾਂਦਾ ਹੈ। ਸੰਤ ਬਾਬਾ ਨਿਧਾਨ ਸਿੰਘ ਨਡਾਲੋ (ਪੰਜਾਬ) ਵਾਲਿਆਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਵਾ ਰਿਹਾ, ਇਹ ਅਸਥਾਨ ਵਿਸ਼ਵ ਭਰ ਵਿਚ ਗੁਰਦੁਆਰਾ ਲੰਗਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਅਸਥਾਨ ਦੀ ਸਾਰੀ ਕਾਰਗੁਜ਼ਾਰੀ ਮੌਜੂਦਾ ਸਮੇਂ ਵਿਚ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ (ਕਾਰ ਸੇਵਾ) ਵਾਲੇ ਚਲਾ ਰਹੇ ਹਨ। ਬਾਬਾ ਨਿਧਾਨ ਸਿੰਘ ਜੀ ਫੌਜ ਦੀ ਨੌਕਰੀ ਵਿੱਚੋਂ ਆਪਣਾ ਨਾਂ ਕਟਵਾ ਕੇ, ਨਾਂਦੇੜ ਸਾਹਿਬ ਪਹੁੰਚ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਦੀ ਸੇਵਾ ਕਰਨ ਲੱਗੇ। ਇੱਥੇ ਬਾਬਾ ਨਿਧਾਨ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਤੱਖ ਬਚਨ ਹੋਏ ਸਨ। ਸੇਵਕ ਨਿਸ਼ਕਾਮ ਸੇਵਾ ਕਰ। ਖੀਸਾ ਮੇਰਾ ਹੱਥ ਤੇਰਾ।੩੫ ਜਿਸ ਜਗ੍ਹਾ’ ਤੇ ਹੁਣ ਤੇ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਲੰਗਰ ਚੱਲ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਹੈ, ਇਹ ਭਿਆਨਕ ਜੰਗਲ ਸੀ, ਨੇੜੇ ਕੋਈ ਅਬਾਦੀ ਨਹੀਂ ਸੀ। ਇਸ ਅਸਥਾਨ ਉੱਪਰ ਆ ਕੇ ਬਾਬਾ ਨਿਧਾਨ ਸਿੰਘ ਨੇ ਗੁਰੂ ਜੀ ਦੇ ਹੁਕਮ ਨਾਲ ਮੁੜ ਸੇਵਾ ਆਰੰਭ ਕਰ ਦਿੱਤੀ। ਆਪ ਅਰੰਭ ਵਿਚ ਆਈਆਂ ਕੁਝ ਕਠਿਨਾਈਆਂ ਦੇ ਬਾਵਜੂਦ ਇੱਥੇ ਟਿਕ ਕੇ ਨਿਸ਼ਕਾਮ ਸੇਵਾ ਕਰਦੇ ਰਹੇ ਸੀ।
ਸਮਾਂ ਪਾ ਕੇ ਆਪ ਦਾ ਮਾਣ ਸਤਿਕਾਰ ਤੇ ਪ੍ਰਤਾਪ ਵਧਣ ਲੱਗਾ। ਆਪ ਜੀ ਕੇ ਅਨੇਕਾਂ ਗੁਰਧਾਮਾਂ ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਗੁਪਤਸਰ ਸਾਹਿਬ, ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ ਸੰਤ ਦੀਵਾਨ ਸਿੰਘ ਨਿਡਾਲਾ ਤੇ ਹੋਰ ਗੁਰਧਾਮਾਂ ਦੀ ਸੇਵਾ ਕੀਤੀ। ਜਿਸ ਨਾਲ ਸਿੱਖੀ ਪ੍ਰਚਾਰ ਤੇ ਗੁਰਦੁਆਰਾ ਲੰਗਰ ਸਾਹਿਬ ਦੀ ਸੋਭਾ ਵਧਦੀ ਗਈ। ਸੰਤ ਬਾਬਾ ਬਿਧਾਨ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ, ਸੰਤ ਬਾਬਾ ਆਤਮਾ ਸਿੰਘ, ਸੰਤ ਬਾਬਾ ਸ਼ੀਸ਼ਾ ਸਿੰਘ ਜੀ ਸਥਾਪਿਤ ਮਰਯਾਦਾ ਅਨੁਸਾਰ ਸੇਵਾ ਕਰਦੇ ਰਹੇ ਸਨ। ਜਿਨ੍ਹਾਂ ਦੇ ਸਮੇਂ ਵਿਚ ਗੁਰਦੁਆਰਾ ਲੰਗਰ ਸਾਹਿਬ ਨੇ ਵਿਸ਼ਵ ਪੱਧਰ ਤੇ ਸੇਵਾ ਦਾ ਸਾਕਾਰ ਰੂਪ ਧਾਰਿਆ ਅਤੇ ਬਹੁਤ ਸਾਰੇ ਗੁਰਧਾਮਾਂ ਦੀ ਸੇਵਾ ਕਰਵਾਈ। ਮੌਜੂਦਾ ਸਮੇਂ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਮਰਯਾਦਾ ਦੇ ਅਨੁਸਾਰ ਸੇਵਾ ਨਿਭਾਅ ਰਹੇ ਹਨ। ਇਹ ਗੁਰਦੁਆਰਾ ਬਾਬਾ ਨਿਧਾਨ ਸਿੰਘ ਨੇ ੨੦ਵੀਂ ਸਦੀ ਦੇ ਤੀਜੇ ਦਹਾਕੇ ਵਿਚ ਉਸਾਰਿਆ ਸੀ ਅਤੇ ਇਸ ਦੀ ਉਸਾਰੀ ਦਾ ਮੁੱਖ ਉਦੇਸ਼ ਯਾਤ੍ਰੀਆਂ ਲਈ ਲੰਗਰ ਦੀ ਸੇਵਾ ਕਰਨੀ ਸੀ।
ਗੁਰੂ ਸਾਹਿਬ ਦੇ ਹੁਕਮ ਨਾਲ ਬਾਬਾ ਨਿਧਾਨ ਸਿੰਘ ਦਾ ਅਰੰਭ ਕੀਤਾ ਲੰਗਰ-ਅਸਥਾਨ ਅੱਜ ਯਾਤਰੀਆਂ ਨੂੰ ਜਿੱਥੇ ੨੪ (24) ਘੰਟੇ ਅਤੁੱਟ ਲੰਗਰ ਵਰਤਾਉਂਦਾ ਹੈ, ਉੱਥੇ ਸੰਗਤ ਦੇ ਠਹਿਰਣ ਲਈ ਖੁੱਲੇ, ਸਾਫ਼-ਸੁਥਰੇ, ਹਵਾਦਾਰ, ਰਿਹਾਇਸ਼ੀ ਕਮਰਿਆਂ ਅਤੇ ਯਾਤਰੀ ਨਿਵਾਸਾਂ ਦਾ ਬਹੁਤ ਸੁਚੱਜਾ ਪ੍ਰਬੰਧ ਹੈ। ਮਰੀਜ਼ਾਂ ਦੇ ਇਲਾਜ ਵਾਸਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਜੀ ਮੈਮੋਰੀਅਲ ਹਸਪਤਾਲ, ਨਾਂਦੇੜ ਵੀ ਚਲਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ, ਗੁਰਦੁਆਰਾ ਲੰਗਰ ਸਾਹਿਬ ਅਤੇ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੇ ਵਿਕਾਸ ਲਈ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।
ਗੁਰਦੁਆਰਾ ਨਾਨਕਸਰ ਸਾਹਿਬ ਜੀ
ਗੁਰਦੁਆਰਾ ਨਾਨਕਸਰ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਲੰਗਰ ਸਾਹਿਬ ਦੇ ਅਧੀਨ ਹੈ। ਇਹ ਇਤਿਹਾਸਿਕ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਤਕਰੀਬਨ ੯ ਕਿਲੋਮੀਟਰ ਦੂਰੀ ‘ਤੇ ਗੋਦਾਵਰੀ ਨਦੀ ਤੋਂ ਪਾਰ ਨਾਂਦੇੜ ਸ਼ਹਿਰ ਦੇ ਬਾਹਰ ਦੱਖਣ-ਪੱਛਮ ਦਿਸ਼ਾ ਵੱਲ, ਗੁਰਦੁਆਰਾ ਨਾਨਕਸਰ ਸਾਹਿਬ ਰੋਡ ਉੱਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਤਾਜ਼ਾ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਬਿਦਰ (ਕਰਨਾਟਕ) ਨੂੰ ਜਾਣ ਸਮੇਂ ਗੁਰਦੁਆਰਾ ਮਾਲਟੇਕੜੀ ਸਾਹਿਬ ਤੋਂ ਬਾਅਦ ਇੱਥੇ ਆ ਕੇ ਨੌ ਦਿਨ ਨੌ ਘੜੀਆਂ ਰੁਕੇ ਸੀ। ਇਸ ਅਸਥਾਨ ਉਪਰ ਗੁਰੂ ਸਾਹਿਬ ਨੇ ਇਲਾਕੇ ਦੀ ਸੰਗਤ ਨੂੰ ਗੁਰਮਤਿ ਦਾ ਉਪਦੇਸ਼ ਦਿੱਤਾ ਸੀ ਅਤੇ ਪਾਣੀ ਦੀ ਘਾਟ ਕਾਰਨ ਇਕ ਜਲ ਦਾ ਸੋਮਾ ਪ੍ਰਗਟ ਕੀਤਾ ਸੀ।
ਇੱਥੇ ਹੀ ਗੁਰੂ ਜੀ ਨੇ ਇਕ ਕੋਹੜੀ ਨੂੰ ਜਲ ਦੇ ਸੋਮੇ ਤੋਂ ਇਸ਼ਨਾਨ ਕਰਵਾ ਕੇ ਉਸ ਦਾ ਕੋਹੜ ਦੂਰ ਕੀਤਾ ਸੀ। ਇਸ ਅਸਥਾਨ ਤੇ ਸਰੋਵਰ ਦੇ ਕੋਲ ਇਕ ਪੁਰਾਤਨ ਇਤਿਹਾਸਿਕ ਬੇਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਅਰੰਭ ਕਰਵਾਈ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਇਸ ਅਸਥਾਨ ਦੇ ਦਰਬਾਰ ਸਾਹਿਬ ਅਤੇ ਸਰੋਵਰ ਦੀ ਸੇਵਾ ਵੀ ਸ਼ੁਰੂ ਕਰਵਾਈ ਸੀ। ਬਾਅਦ ਵਿਚ ਇਹ ਸੇਵਾ ਬਾਬਾ ਨਿਧਾਨ ਸਿੰਘ ਅਤੇ ਬਾਬਾ ਸ਼ੀਸ਼ਾ ਸਿੰਘ ਜੀ ਨੇ ਕਰਵਾਈ ਸੀ। ਮੌਜੂਦਾ ਸਮੇਂ ਵਿਚ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ (ਕਾਰ-ਸੇਵਾ) ਵਾਲੇ ਕਰਵਾ ਰਹੇ ਹਨ
ਗੁਰਦੁਆਰਾ ਰਤਨਗੜ ਸਾਹਿਬ ਜੀ
ਗੁਰਦੁਆਰਾ ਰਤਨਗੜ੍ਹ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੧੪ (14) ਕਿਲੋਮੀਟਰ ਦੂਰੀ ‘ਤੇ ਗੋਦਾਵਰੀ ਨਦੀ ਤੋਂ ਪਾਰ ਨਾਂਦੇੜ ਸ਼ਹਿਰ ਦੇ ਬਾਹਰ ਦੱਖਣ-ਪੱਛਮ ਦਿਸ਼ਾ ਵੱਲ, ਗੁਰਦੁਆਰਾ ਨਾਨਕਸਰ ਸਾਹਿਬ ਰੋਡ ਉੱਪਰ, ਪਹਾੜੀਆਂ ਵਿਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਗੁਰਦੁਆਰਾ ਲੰਗਰ ਸਾਹਿਬ (ਕਾਰ ਸੇਵਾ) ਦੇ ਅਧੀਨ ਹੈ। ਗੁਰਦੁਆਰੇ ਦੇ ਇਤਿਹਾਸ ਵਿਚ ਇਹ ਕਿਹਾ ਜਾਂਦਾ ਹੈ ਕਿ ਇਸ ਅਸਥਾਨ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੱਚਖੰਡ ਗਮਨ ਤੋਂ ਬਾਅਦ ਆਪਣੇ ਇਕ ਸ਼ਰਧਾਲੂ ਉਦਾਸੀ ਸੰਤ ਰਤਨ ਸਿੰਘ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ ਅਤੇ ਉਸਨੂੰ ਹੁਕਮ ਕੀਤਾ ਸੀ ਕਿ ਆਪ ਸਾਡੇ ਸੱਚਖੰਡ ਵਾਲੇ ਅਸਥਾਨ ‘ਤੇ ਜਾ ਕੇ ਖਾਲਸਾ ਸੰਗਤ ਨੂੰ ਸਾਡਾ ਹੁਕਮ ਸੁਣਾਉ ਕਿ ਖਾਲਸੇ ਨੇ ਵਿਰਲਾਪ ਨਹੀਂ ਕਰਨਾ, ਅਕਾਲ ਪੁਰਖ ਦੀ ਯਾਦ ਵਿਚ ਕੀਰਤਨ ਅਤੇ ਸਤਿਨਾਮ ਦਾ ਜਾਪ ਕਰਨਾ ਹੈ, ਗੁਰੂ ਸਾਹਿਬ ਸਦਾ ਤੁਹਾਡੇ ਅੰਗ ਸੰਗ ਹੈ।
ਤਦ ਗੁਰੂ ਸਾਹਿਬ ਦਾ ਇਹ ਹੁਕਮ ਉਦਾਸੀ ਸੰਤ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਾਲੇ ਅਸਥਾਨ ਉੱਪਰ ਆ ਕੇ ਸਿੱਖ ਸੰਗਤ ਨੂੰ ਸੁਣਾਇਆ ਸੀ। ਉਦਾਸੀ ਸੰਤ ਆਖ ਰਿਹਾ ਸੀ ਕਿ ਗੁਰੂ ਸਾਹਿਬ ਨੇ ਉਸ ਨੂੰ ਦਰਸ਼ਨ ਦਿੱਤੇ ਸਨ। ਉਹ ਨੀਲੇ ਕੁਮੈਤ ’ਤੇ ਸ਼ਸਤਰਧਾਰੀ ਹੋ ਕੇ ਕਿਧਰੇ ਜਾ ਰਹੇ ਸਨ।੯ ਉਸ ਸਮੇਂ ਸੰਗਤ ਨੇ ਜੈਕਾਰੇ ਗਜਾ ਦਿੱਤੇ। ਮੌਜੂਦਾ ਸਮੇਂ ਵਿਚ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ (ਕਾਰ ਸੇਵਾ) ਵਾਲੇ ਕਰਵਾ ਰਹੇ ਹਨ।
ਗੁਰਦੁਆਰਾ ਬੰਦਾ ਘਾਟ ਸਾਹਿਬ
ਗੁਰਦੁਆਰਾ ਬੰਦਾ ਘਾਟ ਸਾਹਿਬ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਇਹ ਇਤਿਹਾਸਿਕ ਅਸਥਾਨ ਤਖ਼ਤ ਸੱਚਖੰਡ ਸਾਹਿਬ ਤੋਂ ਲਗਪਗ ੧ ਕਿਲੋਮੀਟਰ ਦੀ ਦੂਰੀ ’ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਨਜ਼ਦੀਕ ਗੋਦਾਵਰੀ ਨਦੀ ਦੇ ਕੰਢੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਸੁਸ਼ੋਭਿਤ ਹੈ।ਬਚਪਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਉਂ ਲਛਮਨ ਦੇਵ ਸੀ। ਇਸ ਦਾ ਜਨਮ ਸੰਨ ੧੬੭੦ (1670) ਨੂੰ ਪੁਣਛ (ਕਸ਼ਮੀਰ) ਦੇ ਪਿੰਡ ਰਾਜੋਰੀ ਵਿਚ ਹੋਇਆ। ਇਕ ਵਾਰੀ ਲਛਮਨ ਦੇਵ ਨੇ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਲਛਮਨ ਦੇਵ ਦਾ ਜੀਵਨ ਹੀ ਪਲਟ ਦਿੱਤਾ ਅਤੇ ਉਹ ਲਛਮਨ ਦੇਵ ਤੋਂ ਮਾਧੋ ਦਾਸ ਵੈਰਾਗੀ ਬਣ ਗਿਆ। ਘਰ- ਬਾਰ ਤਿਆਗ ਦੱਖਣ ਵਿਚ ਪੰਚਵਟੀ, ਨਾਸਿਕ ਆਦਿ ਸਥਾਨਾਂ ਤੋਂ ਘੁੰਮਦਾ ਹੋਇਆ ਅਖ਼ੀਰ ਨਾਂਦੇੜ ਸ਼ਹਿਰ ਦੇ ਬਾਹਰ ਗੋਦਾਵਰੀ ਨਦੀ ਦੇ ਕੰਢੇ ਡੇਰਾ ਲਾ ਕੇ ਰਹਿਣ ਲੱਗਿਆ ਅਤੇ ਰਿਧੀਆਂ ਸਿਧੀਆਂ ਨਾਲ ਲੋਕਾਂ ਤੇ ਸਾਧੂ ਸੰਤਾਂ ਨੂੰ ਭਰਮਾਉਣ ਲੱਗਾ। ਅੰਤ ਸੰਮਤ ੧੭੬੫ (1765) ਬਿਕ੍ਰਮੀ (ਸੰਨ ੧੭੦੮ ਈ.) (1708) ਇਕ ਸ਼ਸਤਰ-ਧਾਰੀ ਘੋੜ-ਚੜ੍ਹੇ ਸੰਤ-ਸਿਪਾਹੀ ਦੇ ‘ ਰੂਪ ਵਿਚ ਸ੍ਰੀ ਗੁਰੂ ‘ਗੋਬਿੰਦ ਸਿੰਘ ਜੀ ਉੱਥੇ ਆ ਪੁੱਜੇ ਅਤੇ ਉਸ ਦੇ ਪਲੰਘ ਉੱਪਰ ਜਾ ਬੈਠੇ। ਮਾਧੋ ਦਾਸ ਨੇ ਆਪਣੀ ਸਕਤੀ ਦੇ ਪ੍ਰਭਾਵ ਨਾਲ ਗੁਰੂ ਜੀ ਨੂੰ ਸਮੇਤ ਪਲੰਘ ਉਲਟਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ, ਪਰ ਅੰਤ ਵਿਚ ਗੁਰੂ ਜੀ ਦੇ ਚਰਨਾਂ ਵਿਚ ਆਪਣਾ ਸਿਰ ਝੁਕਾ ਦਿੱਤਾ। ਜਿਸਦਾ ਗਿਆਨੀ ਗਿਆਨ ਸਿੰਘ ਨੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ
ਹਾਥ ਜੋਰ ਬਿਨੈ ਸਾਥ ਪ੍ਰੇਮ ਪਾਥ ਨਾਇ ਮਾਥ ਕਹਯੋ
ਮੈਤੋ ਆਪ ਕਾ ਹੂੰ ਬੰਦਾ ਸੁਨ ਲੀਜੀਏ।੧੮
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਾਧੋ ਦਾਸ ਦੀ ਭੁੱਲ ਬਖਸ਼ ਕੇ, ਉਸ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਤੇ ਨਾਮ ਬੰਦਾ ਸਿੰਘ ਬਹਾਦਰ ਰੱਖਿਆ। ਇੱਥੋਂ ਹੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ, ਇਕ ਨਗਾਰਾ, ਨਿਸ਼ਾਨ ਸਾਹਿਬ ਬਖਸ਼ ਕੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਪੰਜਾਬ ਵਿਚ ਜਾਲਮ ਮੁਗ਼ਲਾਂ ਨੂੰ ਸੋਧਣ ਲਈ ਤੋਰਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਦਾ ਪਹਿਲਾ ਮੋਢੀ ਸੀ, ਜਿਸਨੇ ਪੰਜਾਬ ਵਿਚ ਖਾਲਸਾ ਰਾਜ ਸਥਾਪਿਤ ਕੀਤਾ ਸੀ। ਮੌਜੂਦਾ ਸਮੇਂ ਗੁਰਦੁਆਰਾ ਬੋਰਡ ਵੱਲੋਂ ਬੰਦਾ ਘਾਟ ਦੇ ਅਸਥਾਨ ‘ਤੇ ਸਿੱਖ ਧਰਮ ਦੇ ਪ੍ਰਚਾਰ ਲਈ ਇਕ ਗੁਰਮਤਿ ਸੰਗੀਤ ਵਿਦਿਆਲਾ ਚਲਾਇਆ ਜਾ ਰਿਹਾ ਹੈ। ਜਿਸ ਵਿਚ ਸੈਂਕੜੇ ਵਣਜਾਰਾ, ਲੁਬਾਣਾ ਅਤੇ ਸਿਕਲੀਗਰ ਸਮਾਜ ਦੇ ਬੱਚੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰ ਰਹੇ ਹਨ।
ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਜੀ
ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੧੨ (12) ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ ਤੋਂ ਸ਼ਿਕਾਰ ਘਾਟ ਰੋਡ ਉੱਪਰ ਗੋਦਾਵਰੀ ਨਦੀ ਦੇ ਕੰਢੇ ਤੋਂ ਥੋੜਾ ਪਿਛੇ ਹਟ ਕੇ, ਇਕ ਪਹਾੜੀ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਸੁਭਾਇਮਾਨ ਹੈ। ਇਸ ਇਤਿਹਾਸਿਕ ਅਸਥਾਨ ਦਾ ਸਾਰਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ, ਉਨ੍ਹਾਂ ਦਾ ਇਕ ਅਨਿਨ ਸੇਵਕ ਭਾਈ ਮੂਲਾ ਖੱਤਰੀ ਜੀ ਨਿਵਾਸੀ ਸਿਆਲਕੋਟ (ਪਾਕਿਸਤਾਨ), ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਤੋਂ ਬੇਮੁਖ ਹੋ ਗਿਆ ਅਤੇ ਆਪਣੇ ਹੀ ਘਰ ਵਿਚ ਸੱਪ ਲੜ ਕੇ ਮਰ ਗਿਆ ਸੀ
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ॥
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥੨੧॥੭
ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਸਦਾ ਉੱਧਾਰ ਅਸੀਂ ਆਪਣੇ ਦਸਵੇਂ ਜਾਮੇ ਵਿਚ ਆ ਕੇ ਕਰਾਂਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਸਾਹਿਬ ਆਏ ਹੋਏ ਸੀ, ਤਾਂ ਇਕ ਦਿਨ ਇਸ ਅਸਥਾਨ ਉੱਪਰ ਆ ਕੇ ਸ਼ਿਕਾਰ ਖੇਡ ਰਹੇ ਸਨ। ਇੱਥੇ ਇਕ ਸਹੇ (ਖਰਗੋਸ਼) ਦਾ ਸ਼ਿਕਾਰ ਕਰ ਕੇ ਦਸਮੇਸ਼ ਪਿਤਾ ਨੇ ਆਪਣੇ ਪਵਿੱਤਰ ਬਚਨ ਪੂਰੇ ਕੀਤੇ ਸੀ। ਸਿੱਖਾਂ ਵੱਲੋਂ ਪੁੱਛਣ ’ਤੇ ਗੁਰੂ ਜੀ ਨੇ ਦੱਸਿਆ ਕਿ ਉਨ੍ਹਾਂ ਨੇ ੮੪ (84) ਲੱਖ ਜੂਨਾਂ ਵਿਚ ਪਏ, ਸਹੇ ਦੀ ਜੂਨ ਭੋਗ ਰਹੇ ਭਾਈ ਮੂਲਾ ਖੱਤਰੀ, ਜੋ ਸਿਆਲਕੋਟ ਦਾ ਰਹਿਣ ਵਾਲਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਤੋਂ ਬੇਮੁਖ ਹੋ ਗਿਆ ਸੀ, ਦਾ ਉੱਧਾਰ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਸਰ ਇਸ ਅਸਥਾਨ ਉੱਪਰ ਸ਼ਿਕਾਰ ਖੇਡਣ ਤੋਂ ਬਾਅਦ ਆਰਾਮ ਕਰਿਆ ਕਰਦੇ ਸਨ। ਸ਼ਿਕਾਰ ਕਰਨ ’ਤੇ ਇਸ ਅਸਥਾਨ ਦਾ ਨਾਂ “ਗੁਰਦੁਆਰਾ ਸ਼ਿਕਾਰ ਘਾਟ ਸਾਹਿਬ’ ਕਰਕੇ ਪ੍ਰਸਿੱਧ ਹੋਇਆ। ਇਸ ਦੀ ਨਵੀਂ ਇਮਾਰਤ ਬਾਬਾ ਜੀਵਨ ਸਿੰਘ ਅਤੇ ਬਾਬਾ ਦਲੀਪ ਸਿੰਘ ਨੇ ਸੰਨ ੧੯੭੧ ਈ. (1971) ਵਿਚ ਮੁਕੰਮਲ ਕਰਵਾਈ ਸੀ।
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ
ਗੁਰਦੁਆਰਾ ਮਾਤਾ ਸਾਹਿਬ ਕੌਰ ਦਾ ਪ੍ਰਬੰਧ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਪੰਜਾਬ (ਹਿੰਦੁਸਤਾਨ) ੯੬ (96) ਕਰੋੜੀ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ ਅਕਾਲੀ ਮੁਖੀ ਬੁੱਢਾ ਦਲ ਦੇ ਅਧੀਨ ਹੈ। ਇਹ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਤੋਂ ੧੪ (14) ਕਿਲੋਮੀਟਰ ਦੂਰੀ ‘ਤੇ ਨਾਂਦੇੜ ਤੋਂ ਮੁਗਟ ਰੋਡ ਉੱਤੇ ਗੋਦਾਵਰੀ ਨਦੀ ਦੇ ਕਿਨਾਰੇ ਤੇ ਸੁਸ਼ੋਭਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਬਾਹਮਣਵਾੜੇ (ਹੀਰਾ ਘਾਟ) ਦੇ ਅਸਥਾਨ ’ਤੇ ਪੜਾਅ ਕੀਤਾ ਤਾਂ ਕੁਝ ਦੂਰੀ ‘ਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਲਈ ਤੰਬੂ ਲਗਵਾ ਕੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।ਇੱਥੇ ਮਾਤਾ ਜੀ ਨੇ ਗੁਰੂ ਜੀ ਨਾਲ ਆ ਕੇ ਕੁਝ ਸਮੇਂ ਲਈ ਨਿਵਾਸ ਕੀਤਾ ਸੀ ਅਤੇ ‘ਗੁਰੂ ਕਾ ਲੰਗਰ” ਦੀ ਵਿਵਸਥਾ ਕੀਤੀ ਸੀ। ਇਹ ਮਾਤਾ ਜੀ ਦਾ ਤਪ ਅਸਥਾਨ ਹੈ। ਸਾਹਿਬ ਕੌਰ ਮਾਤਾ ਰੋਹਤਾਸ ਨਿਵਾਸੀ ਭਾਈ ਰਾਮੂ ਬਸੀ ਖਤ੍ਰੀ ਦੀ ਸਪੁਤ੍ਰੀ, ਜਿਸ ਦਾ ਆਨੰਦ ੧੮ (18) ਵੈਸਾਖ ਸੰਮਤ ੧੭੫੭ (1757) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਕਲਗੀਧਰ ਨੇ ਇਸੇ ਦੀ ਗੋਦੀ ਪੰਥ ਖਾਲਸਾ ਪਾਇਆ ਹੈ।
ਇਸ ਅਸਥਾਨ ਉੱਪਰ ਸੰਗਤ ਅਤੇ ਗੁਰੂ ਜੀ ਲਈ ਲੰਗਰ ਤਿਆਰ ਹੁੰਦਾ ਸੀ।ਮਾਤਾ ਸਾਹਿਬ ਕੌਰ ਦਾ ਇਹ ਨੇਮ ਕਿ ਆਪ ਸਦਾ ਹੀ ਪਤੀ-ਪ੍ਰਮੇਸ਼ਵਰ ਦੇ ਦਰਸ਼ਨ ਕਰ ਕੇ ਭੋਜਨ ਛਕਦੇ ਸੀ।ਗੁਰੂ ਸਾਹਿਬ ਵੀ ਨਾਂਦੇੜ ਰਹਿੰਦੇ ਹੋਏ ਆਪ ਇੱਥੇ ਆ ਕੇ ਲੰਗਰ ਛਕਿਆ ਕਰਦੇ ਸੀ। ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਾਂਦੇੜ ਸਾਹਿਬ ਤੋਂ ਮਾਤਾ ਸਾਹਿਬ ਕੌਰ ਨੂੰ ਆਪਣੇ ਨਿੱਜੀ ਪੰਜ ਸ਼ਸਤਰ ਦੇ ਕੇ ਭਾਈ ਮਨੀ ਸਿੰਘ ਤੇ ਹੋਰ ਸਿੰਘਾਂ ਸਮੇਤ ਵਾਪਿਸ ਦਿੱਲੀ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ ਸੀ। ਮਾਤਾ ਸਾਹਿਬ ਕੌਰ ਗੁਰੂ ਜੀ ਤੋਂ ਆਗਿਆ ਲੈ ਕੇ ਦਿੱਲੀ ਆ ਗਏ ਸੀ।ਦਿੱਲੀ ਵਿਚ ਹੀ ਮਾਤਾ ਸਾਹਿਬ ਕੌਰ ਜੀ ਨੇ ਆਪਣਾ ਸਰੀਰ ਤਿਆਗਿਆ ਸੀ। ਗੁਰਦੁਆਰਾ ਮਾਤਾ ਸਾਹਿਬ ਕੌਰ, ਨਾਂਦੇੜ ਵਿਚ ਲੰਗਰ ਦੀ ਪ੍ਰਥਾ ਅੱਜ ਵੀ ਉਸੇ ਤਰ੍ਹਾਂ ਚੱਲੀ ਆ ਰਹੀ ਹੈ। ਜਿੱਥੇ ਚੌਵੀ ਘੰਟੇ ਗੁਰੂ ਕਾ ਅਤੁੱਟ ਲੰਗਰ ਚੱਲਦਾ ਰਹਿੰਦਾ ਹੈ।
ਬੁੰਗਾ ਮਾਤਾ ਭਾਗ ਕੌਰ
ਬੁੰਗਾ ਮਾਤਾ ਭਾਗ ਕੌਰ ਸੱਚਖੰਡ ਦੇ ਪਰਿਸਰ ਵਿਚ ਹੀ ਦਰਸ਼ਨੀ ਡਿਉਢੀ ਵੱਲੋਂ ਜਾਂਦਿਆਂ, ਤਖ਼ਤ ਸੱਚਖੰਡ ਸਾਹਿਬ ਦੇ ਨਾਲ ਹੀ ਸੱਜੇ ਪਾਸੇ ਮੌਜੂਦ ਹੈ। ਇਸ ਅਸਥਾਨ ਉੱਪਰ ਮਾਤਾ ਭਾਗ ਕੌਰ ਜੀ ਦੇ ਪੁਰਾਤਨ ਸ਼ਸਤਰ ਸੰਭਾਲੇ ਹੋਏ ਹਨ। ਜਿਨ੍ਹਾਂ ਨਾਲ ਉਹ ਜੰਗ ਕਰਦੇ ਰਹੇ ਸਨ। ਇਨ੍ਹਾਂ ਵਿਚ ਇਕ ਵੱਡੀ ਬੰਦੂਕ, ਇਕ ਤੋਪ ਅਤੇ ਕੁਝ ਹੋਰ ਸ਼ਸਤਰ ਸੰਗਤ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ।
ਮਾਤਾ ਭਾਗ ਕੌਰ ਪੰਜਾਬ ਦੇ ਪਿੰਡ ਝਬਾਲ ਦੇ ਰਹਿਣ ਵਾਲੇ ਸੀ। ਸ੍ਰੀ ਮੁਕਤਸਰ ਦੇ ਜੰਗ ਵਿਚ ਬੜੀ ਬਹਾਦਰੀ ਨਾਲ ਇਨ੍ਹਾਂ ਨੇ ਮੁਗਲਾਂ ਦਾ ਟਾਕਰਾ ਕਰ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ ਸੀ। ਮਾਤਾ ਭਾਗ ਕੌਰ ਤਲਵੰਡੀ ਸਾਬੋ ਵਿਚ ਗੁਰੂ ਸਾਹਿਬ ਦੇ ਨਾਲ ਹੀ ਫੌਜ ਵਿਚ ਰਹੇ ਸੀ ਅਤੇ ਦੱਖਣ ਵੱਲ ਜਾਣ ਵੇਲੇ ਵੀ ਨਾਂਦੇੜ ਸਾਹਿਬ ਗੁਰੂ ‘ ਜੀ ਨਾਲ ਇੱਥੇ ਹੀ ਆਏ ਸੀ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਭਾਗ ਕੌਰ ਬਿਦਰ ਦੇ ਇਲਾਕੇ ਵਿਚ ਜਨਵਾੜੇ ਦੇ ਆਸ-ਪਾਸ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਸੀ। ਪਿੰਡ ਜਨਵਾੜਾ (ਕਰਨਾਟਕਾ) ਵਿਚ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਮਾਤਾ ਭਾਗ ਕੌਰ ਬਣਿਆ ਹੋਇਆ ਹੈ, ਇੱਥੇ ਉਨ੍ਹਾਂ ਨੇ ਅੰਤਿਮ ਸਵਾਸ ਤਿਆਗੇ ਅਤੇ ਉਨ੍ਹਾਂ ਦਾ ਸਸਕਾਰ ਵੀ ਇਥੇ ਹੀ ਹੋਇਆ ਸੀ।
ਮਾਤਾ ਭਾਗੋ ਜੀ ਨੇ ਭਾਵੇਂ ਕਿ ਜਨਵਾੜੇ (ਕਰਨਾਟਕਾ) ਸਰੀਰ ਤਿਆਗਿਆ ਪਰ ਉਨ੍ਹਾਂ ਦੇ ਫੁੱਲ ਇੱਥੇ ਨਾਂਦੇੜ ਵਿਚ ਲਿਆਂਦੇ ਗਏ। ਜਿਸ ਥਾਂ ਉਹਨਾਂ ਦਾ ਨਿਵਾਸ ਸੀ। ਨਾਂਦੇੜ ਸਾਹਿਬ ਜਿਸ ਅਸਥਾਨ ’ਤੇ ਮਾਤਾ ਜੀ ਰਹਿੰਦੇ ਸੀ, ਉਸ ਨੂੰ ਬੁੰਗਾ ਮਾਤਾ ਭਾਗੋ ਜੀ ਕਿਹਾ ਜਾਂਦਾ ਹੈ।
ਗੁਰਦੁਆਰਾ ਹੀਰਾ ਘਾਟ ਸਾਹਿਬ ਜੀ
ਗੁਰਦੁਆਰਾ ਹੀਰਾ ਘਾਟ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬਸਮਤ ਨਗਰ ਤੋਂ ਬਾਅਦ ਨਾਂਦੇੜ ਦੇ ਬਾਹਮਣਵਾੜਾ ਪਿੰਡ ਗੋਦਾਵਰੀ ਨਦੀ ਦੇ ਕੰਢੇ ਉੱਪਰ ਆ ਕੇ ਡੇਰੇ ਲਾਏ ਅਤੇ ਨਾਮ- ਬਾਣੀ, ਕੀਰਤਨ ਦਾ ਪ੍ਰਵਾਹ ਚਲਾਇਆ। ਇਹ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੧੨ (12) ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ ਤੋਂ ਮੁਗਟ ਰੋਡ ਦੇ ਉੱਪਰ ਗੋਦਾਵਰੀ ਨਦੀ ਦੇ ਕਿਨਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਇਸ ਅਸਥਾਨ ਉਪਰ ਇੱਕ ਦਿਨ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਣ ਸਮੇਂ ਸਤਿਕਾਰ ਵਜੋਂ ਇਕ ਕੀਮਤੀ ਹੀਰਾ ਗੁਰੂ ਜੀ ਨੂੰ ਭੇਟ ਕੀਤਾ। ਗੁਰੂ ਸਾਹਿਬ ਨੇ ਬਾਦਸ਼ਾਹ ਦੇ ਮਨ ਦੀ ਅਵਸਥਾ ਜਾਣ ਕੇ, ਇਹ ਹੀਰਾ ਸਾਹਮਣੇ ਵਗ ਰਹੀ ਗੋਦਾਵਰੀ ਨਦੀ ਵਿਚ ਸੁੱਟ ਦਿੱਤਾ। ਜਿਸਦਾ ਗਿਆਨੀ ਗਿਆਨ ਸਿੰਘ ਨੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ
ਤਬ ਗੁਰ ਢਿਗ ਸ਼ਾਹਿ ਬਹਾਦੁਰ।ਕਰ ਜੋਰ ਬੋਲਿਓ ਸਾਦਰ।
ਹੋ ਗੁਰ ਇਹੁ ਨੀਕੋ ਹੀਰਾ। ਕਿਸ ਕਾਰਣ ਗੇਰਯੋ ਨੀਰਾ।
ਇਹ ਸਾਰਾ ਕੁਝ ਵੇਖ ਕੇ ਬਹਾਦਰ ਸ਼ਾਹ ਬਹੁਤ ਹੈਰਾਨ ਹੋਇਆ। ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪਰੇਸ਼ਾਨੀ ਜਾਣ ਕੇ, ਉਸ ਨੂੰ ਕਿਹਾ ਤੁਹਾਡਾ ਹੀਰਾ ਨਦੀ ਵਿੱਚੋਂ ਕੱਢ ਕੇ ਲਿਆਉ। ਜਦੋਂ ਬਹਾਦਰ ਸ਼ਾਹ ਨੇ ਨਿਗ੍ਹਾ ਮਾਰੀ ਤਾਂ ਨਦੀ ਵਿਚ ਉਸਨੂੰ ਕਈ ਤਰ੍ਹਾਂ ਦੇ ਬੇਅੰਤ ਬੇਸ਼ਕੀਮਤੀ ਹੀਰੇ ਜਵਾਹਰਾਤ ਨਜ਼ਰੀਂ ਪਏ
ਤਹਿ ਭਾਂਤ ਅਨੇਕ ਜਵਾਹਰ।ਆਨੰਦ ਅਮੋਲਕ ਜਾਹਰ
ਹੋਯੋ ਪਿਖ ਅਧਕ ਹਿਰਾਨਾ।ਗੁਰ ਪਗ ਪਰ ਬੰਦਨ ਠਾਂਨਾ।
ਤਿਸ ਜਾਗਾ ਕਾ ਅਬ ਨਾਂਮੂ।ਕਹਿ ਹੀਰਾ ਘਾਟ ਤਮਾਮੂ
ਇਹ ਕੌਤਕ ਵੇਖ ਕੇ ਬਹਾਦਰ ਸ਼ਾਹ ਬਹੁਤ ਹੈਰਾਨ ਹੋਇਆ ਤੇ ਵਾਪਸ ਆ ਕੇ ਗੁਰੂ ਦੀ ਹਜ਼ੂਰੀ ਵਿਚ ਹਾਜ਼ਰ ਹੋ ਕੇ ਭੁੱਲ ਬਖ਼ਸ਼ਾਈ ਅਤੇ ਉਸ ਦਾ ਹੰਕਾਰ ਨਵਿਰਤ ਹੋਇਆ।ਜਿਸ ਕਾਰਨ ਇਸ ਅਸਥਾਨ ਦਾ ਨਾਮ ‘ਹੀਰਾ ਘਾਟ ਸਾਹਿਬ’ ਹੈ।
ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ
ਗੁਰਦੁਆਰਾ ਮਾਲਟੇਕੜੀ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੫ (5) ਕਿਲੋਮੀਟਰ ਦੂਰੀ ‘ਤੇ ਮਾਲਟੇਕੜੀ ਰੋਡ, ਨਾਂਦੇੜ ਉੱਪਰ ਸੁਸ਼ੋਭਿਤ ਹੈ। ਇਸ ਅਸਥਾਨ ਦਾ ਸਾਰਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਦੌਰਾਨ ਬਿਦਰ (ਕਰਨਾਟਕ) ਨੂੰ ਜਾਣ ਸਮੇਂ ਨਾਂਦੇੜ ਵਿਚ ਇਸ ਮਾਲਟੇਕੜੀ ਵਾਲੀ ਥਾਂ ਉੱਤੇ ਡੇਰਾ ਲਾ ਕੇ ਸੰਗਤ ਕਾਇਮ ਕੀਤੀ ਸੀ। ਇਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਗੁਪਤ ਖ਼ਜ਼ਾਨੇ ਦੀ ਥਾਂ ਹੈ। ਸਰਕਾਰੀ ਰਿਕਾਰਡਾਂ ਵਿਚ ਇਸ ਨੂੰ ‘ਚਕਰੀ ਮਾਲ’ ਅਤੇ ‘ਮਾਲ ਟਿਲਾ’ ਵੀ ਲਿਖਿਆ ਹੋਇਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਅਸਥਾਨ ਤੋਂ ਪੁਰਾਣਾ ਖ਼ਜ਼ਾਨਾ ਕਢਵਾ ਕੇ ਗੁਰਦੁਆਰਾ ਸੰਗਤ ਸਾਹਿਬ ਦੇ ਅਸਥਾਨ ਤੇ ਸਿੱਖ ਸੈਨਾਵਾਂ ਅਤੇ ਸ਼ਾਹੀ ਸੈਨਾਵਾਂ ਵਿਚ ਢਾਲਾਂ ਭਰ ਕੇ ਵੰਡਿਆ ਸੀ ਅਤੇ ਬਾਕੀ ਬਚਿਆ ਖ਼ਜ਼ਾਨਾ ਵਾਪਸ ਮਾਲਟੇਕੜੀ ਵਾਲੇ ਅਸਥਾਨ ‘ਤੇ ਗੁਪਤ ਰਖਵਾ ਕੇ ਬਚਨ ਕੀਤਾ ਸੀ ਕਿ ਜਦੋਂ ਖਾਲਸੇ ਦੀ ਗਿਣਤੀ ਛਿਆਨਵੇਂ ਕਰੋੜ ਹੋ ਜਾਵੇਗੀ ਤਾਂ ਇਸ ਗੁਪਤ ਰੱਖੇ ਹੋਏ ਖ਼ਜ਼ਾਨੇ ਤੋਂ ਅਤੁੱਟ ਲੰਗਰ ਵਰਤੇਗਾ।ਨਾਂਦੇੜ ਵਿਖੇ ਇਹ ਰਵਾਇਤ ਵੀ ਪ੍ਰਚਲਤ ਹੈ ਕਿ ਇੱਥੇ ਗੁਰੂ ਛੇਵੇਂ ਪਾਤਸ਼ਾਹ ਵੱਲੋਂ ਭੇਜਿਆ ਗਿਆ ਇਕ ਲੱਕੜਸ਼ਾਹ ਫ਼ਕੀਰ ਸਿੱਖ ਧਰਮ ਦਾ ਪ੍ਰਚਾਰ ਕਰਦਾ ਸੀ।“ ਇਹ ਫ਼ਕੀਰ ਛੇਵੇਂ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਜੀ ਤਕ ਇਸ ਖ਼ਜ਼ਾਨੇ ਦੀ ਦੇਖਭਾਲ ਕਰਦਾ ਰਿਹਾ ਸੀ। ਸੰਨ ੧੯੨੬ (1926) ਵਿਚ ਮੁਸਲਮਾਨਾਂ ਨੇ ਇਸ ਅਸਥਾਨ ਉਪਰ ਇਕ ਮੁਰਦਾ (ਲਾਸ਼) ਦਫਨਾ ਕੇ, ਇਸ ਥਾਂ ਨੂੰ ਕਬਰਸਤਾਨ ਵਿਚ ਬਦਲਣ ਦੀ ਕੋਸ਼ਿਸ਼ ਕੀਤੀ। ਸਿੱਖਾਂ ਅਤੇ ਮੁਸਲਮਾਨਾਂ ਦਾ ਇਹ ਮੁਕੱਦਮਾ ਸਰਕਾਰ ਤਕ ਪਹੁੰਚ ਗਿਆ ਸੀ। ਇਸਦੇ ਆਖਰੀ ਫੈਸਲੇ ਲਈ ਨਜ਼ਾਮ ਸਰਕਾਰ ਦੀ ਇੰਨਸਾਫ਼ੀਆ ਪਾਲਸੀ ਕਰਕੇ ਕਲਕੱਤੇ ਤੋਂ ਸਰ. H. Coming ਸਾਹਿਬ ਜੱਜ ਹਾਈ ਕੋਰਟ, ਹੈਦਰਾਬਾਦ ਪੁੱਜੇ। ਆਖਰ ਵਿਚ ਫੈਸਲਾ ਖਾਲਸਾ ਪੰਥ ਦੇ ਹੱਕ ਵਿਚ ਆਇਆ ਅਤੇ ਸਰਕਾਰੀ ਹੁਕਮ ਨਾਲ ਮੁਰਦਾ ਜ਼ਮੀਨ ਵਿੱਚੋਂ ਕੱਢਵਾ ਦਿੱਤਾ ਸੀ।
ਗੁਰਦੁਆਰਾ ਸੰਗਤ ਸਾਹਿਬ ਜੀ
ਗੁਰਦੁਆਰਾ ਸੰਗਤ ਸਾਹਿਬ ਦੀ ਵਿਵਸਥਾ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਇਹ ਇਤਿਹਾਸਿਕ ਅਸਥਾਨ ਤਖ਼ਤ ਹਜ਼ੂਰ ਸਾਹਿਬ ਤੋਂ ਲਗਪਗ 2 ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ ਸ਼ਹਿਰ ਦੇ ਬ੍ਰਹਮਪੁਰੀ ਮੁਹੱਲੇ ਵਿਚ ਗੁਰਦੁਆਰਾ ਰੋਡ, ਉੱਪਰ ਗੋਦਾਵਰੀ ਨਦੀ ਦੇ ਕੰਢੇ ‘ਤੇ ਸ਼ੋਭਾ ਪਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜਦੋਂ ਨਾਂਦੇੜ ਸ਼ਹਿਰ ਵਿਚ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਤੇ ਬਿਰਾਜੇ ਸਨ। ਗੁਰਦੁਆਰਾ ਸੰਗਤ ਸਾਹਿਬ ਦੀ ਮਹੱਤਤਾ, ਸੰਗਤ ਦੇ ਜੁੜਨ, ਨਾਮ
ਸਿਮਰਨ, ਗੁਰੂ ਜੀ ਦੀ ਕਥਾ-ਵਾਰਤਾ ਤੇ ਕੀਰਤਨ ਨਾਲ ਸੰਬੰਧਿਤ ਹੈ। ਇਸ ਸਥਾਨ ਉੱਤੇ ਗੁਰੂ ਸਾਹਿਬ ਨਾਲ ਪੰਜਾਬ ਤੋਂ ਆਈ ਫੌਜ ਨੇ ਵਾਪਸ ਪੰਜਾਬ ਮੁੜਨ ਤੋਂ ਪਹਿਲਾਂ ਤਨਖ਼ਾਹਾਂ ਦੀ ਮੰਗ ਕੀਤੀ ਸੀ। ਦਸਮ ਗੁਰੂ ਜੀ ਨੇ ਗੁਰਦੁਆਰਾ ਮਾਲਟੇਕਰੀ ਤੋਂ ਕੱਢੇ ਹੋਏ ਧਨ ਨੂੰ ਆਪਣੇ ਸਿਪਾਹੀਆਂ ਵਿਚ ਤਨਖ਼ਾਹ ਵਜੋਂ ਇੱਥੇ ਹੀ ਵੰਡਿਆ ਸੀ। ਗੁਰੂ ਸਾਹਿਬ ਨੇ ਆਪਣੀ ਅਤੇ ਬਹਾਦਰ ਸ਼ਾਹ ਦੀ ਫੌਜ ਨੂੰ ਢਾਲਾਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਵੰਡੀਆਂ ਸਨ ਅਤੇ ਸੰਗਤ ਨੂੰ ਉਪਦੇਸ਼ ਸੁਣਾਇਆ ਸੀ ਕਿ ਸਾਰੇ ਸੁੱਖ ਧਨ ਇਕੱਠਾ ਕਰਨ ਵਿਚ ਨਹੀਂ ਸਗੋਂ ਲੋੜ ਪੈਣ ’ਤੇ ਵੰਡ ਕੇ ਵਰਤਣ ਵਿਚ ਹਨ :
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥੩॥
ਗੁਰੂ ਜੀ ਦੀ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਢਾਲ ਅੱਜ ਵੀ ਗੁਰਦੁਆਰਾ ਸੰਗਤ ਸਾਹਿਬ ਵਿਖੇ ਸੰਭਾਲੀ ਹੋਈ ਹੈ ਅਤੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ।
ਗੁਰਦੁਆਰਾ ਨਗੀਨਾ ਘਾਟ ਸਾਹਿਬ
ਗੁਰਦੁਆਰਾ ਨਗੀਨਾ ਘਾਟ ਸਾਹਿਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਤਕਰੀਬਨ ੧ ਕਿਲੋਮੀਟਰ ਦੂਰੀ ‘ਤੇ ਗੁਰਦੁਆਰਾ ਲੰਗਰ ਸਾਹਿਬ ਦੇ ਨਜ਼ਦੀਕ ਹੀ, ਲੰਗਰ ਸਾਹਿਬ ਰੋਡ ਉੱਪਰ ਗੋਦਾਵਰੀ ਨਦੀ ਦੇ ਕੰਢੇ ‘ਤੇ ਬਣਿਆ ਹੋਇਆ ਹੈ। ਇਸ ਇਤਿਹਾਸਿਕ ਗੁਰਦੁਆਰੇ ਦਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਗੁਰਦੁਆਰਾ ਹੀਰਾ ਘਾਟ ਸਾਹਿਬ ਅਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦਾ ਇਤਿਹਾਸ ਕਾਫੀ ਹੱਦ ਤਕ ਮੇਲ ਖਾਂਦਾ ਹੈ। ਇਸ ਅਸਥਾਨ ਉੱਪਰ ‘ ਜੀ ਦੇ ਇਕ ਅਤੀ ਸ਼ਰਧਾਲੂ ਵਣਜਾਰੇ ਸਿੱਖ ਕਾਲੂ ਨਾਇਕ ਨੇ ਗੁਰੂ ‘ ਸਾਹਿਬ ਨੂੰ ਦਰਸ਼ਨਾਂ ਸਮੇਂ ਸਤਿਕਾਰ ਵਜੋਂ ਇਕ ਨਗੀਨਾ ਭੇਟ ਕੀਤਾ ਸੀ:
ਏਕ ਸਿੱਖ ਆਯੋ ਤਿਹ ਸਮੇਂ।ਭੇਟ ਨਗੀਨਾ ਧਰਿ ਕਿਯ ਨਮੋਂ।
ਅਵਲੋਕਯੋ ਲੇ ਕਰਿ ਨਿਜ ਹਾਥ। ਗੇਰਿ ਗੁਦਾਵਰਿ ਮੈਂ ਦਿਯ ਨਾਥ॥੧੩॥੯
ਗੁਰੂ ਸਾਹਿਬ ਨੇ ਇਸ ਵਣਜਾਰੇ ਸਿੱਖ ਨੂੰ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰਨ ਲਈ ਭੇਟ ਕੀਤਾ ਨਗੀਨਾ ਨੇੜੇ ਵਗਦੀ ਗੋਦਾਵਰੀ ਨਦੀ ਵਿਚ ਸੁੱਟ ਦਿੱਤਾ। ਵਣਜਾਰੇ ਸਿੱਖ ਦੇ ਦੁਖੀ ਹੋਣ ਤੇ ਗੁਰੂ ਜੀ ਨੇ ਉਸਨੂੰ ਗੋਦਾਵਰੀ ਨਦੀ ਵਿਚ ਬੇਅੰਤ ਬਹੁਮੁੱਲੇ ਨਗੀਨਿਆਂ ਤੇ ਹੀਰਿਆਂ ਦੇ ਦਰਸ਼ਨ ਕਰਵਾਏ ਅਤੇ ਗੁਰਮਤਿ ਦੇ ਸਿਧਾਂਤ ਦੀ ਸਹੀ ਪਹਿਚਾਣ ਕਰਵਾ ਕੇ, ਧਰਮ ਦੇ ਅਸਲ ਮਾਰਗ ਉੱਪਰ ਚੱਲਣ ਦਾ ਉਪਦੇਸ਼ ਦਿੱਤਾ। ਇਸੇ ਕਾਰਨ ਇਸ ਅਸਥਾਨ ਦਾ ਨਾਮ ਗੁਰਦੁਆਰਾ ਨਗੀਨਾ ਘਾਟ ਸਾਹਿਬ’ ਕਰਕੇ ਪ੍ਰਸਿੱਧ ਹੋਇਆ।ਇੱਥੇ ਆ ਕੇ ਅਜੇ ਤਕ ਵਣਜਾਰੇ ਸਿੱਖ ਸੁੱਖਣਾਂ ਸੁਖਦੇ ਤੇ ਪ੍ਰਸਾਦਿ ਚੜ੍ਹਦੇ ਤੇ ਸ਼ਰਧਾ ਭਗਤੀ ਰੱਖਦੇ ਹਨ।
ਨਗਰ ਨਦੇੜ ਬਸਤ ਤਟ ਭਾਰੋ। ਕਵਨ ਤਾਹਿ ਛਬਿ ਸਕਤ ਉਚਾਰੋ।
ਆਦਿ ਸਭ ਜੁਗ ਕੀ ਇਹ ਪੂਰੀ।ਯਾ ਕੋ ਨਿਰਖ ਅਵਰੁ ਸਭ ਦੂਰੀ॥੫੮॥੨੧
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਉੱਚਾ ਸਥਾਨ ਹੈ। ਹਾਲਾਂਕਿ ਬਾਬਾ ਦੀਪ ਸਿੰਘ ਜੀ ਦਾ ਮੁੱਖ ਇਤਿਹਾਸਕ ਅਸਥਾਨ ਅਤੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਅੰਮ੍ਰਿਤਸਰ) ਹੈ, ਪਰ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) ਵਿਖੇ ਵੀ ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਯਾਦਗਾਰੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਗੁਰੂ ਸਾਹਿਬ ਨਾਲ ਸਮਾਂ: ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਜਦੋਂ ਉਹ ਛੋਟੇ ਸਨ, ਉਹ ਆਪਣੇ ਮਾਤਾ-ਪਿਤਾ ਨਾਲ ਆਨੰਦਪੁਰ ਸਾਹਿਬ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹੇ।
ਨਾਂਦੇੜ ਦੀ ਯਾਤਰਾ: ਸੰਨ 1708 ਵਿੱਚ ਜਦੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ (ਨਾਂਦੇੜ) ਪਹੁੰਚੇ, ਤਾਂ ਬਾਬਾ ਦੀਪ ਸਿੰਘ ਜੀ ਵੀ ਗੁਰੂ ਸਾਹਿਬ ਦੇ ਨਾਲ ਸਨ।
ਗੁਰਦੁਆਰਾ ਸਾਹਿਬ ਦੀ ਮਹੱਤਤਾ: ਸ਼੍ਰੀ ਹਜ਼ੂਰ ਸਾਹਿਬ (ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ) ਦੇ ਨੇੜੇ ਜਾਂ ਪਰਿਸਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣਿਆ ਇਹ ਪਵਿੱਤਰ ਅਸਥਾਨ ਉਨ੍ਹਾਂ ਦੀ ਅਟੱਲ ਸ਼ਰਧਾ, ਸੇਵਾ ਅਤੇ ਗੁਰੂ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ।
ਬਾਬਾ ਜੀ ਦਾ ਯੋਗਦਾਨ: ਨਾਂਦੇੜ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ (ਦਮਦਮਾ ਸਾਹਿਬ) ਦੀ ਸੇਵਾ ਤਾਂ ਉਨ੍ਹਾਂ ਨੇ ਉੱਥੇ ਰਹਿ ਕੇ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ (ਉਤਾਰੇ) ਤਿਆਰ ਕਰਨ ਦੀ ਮਹਾਨ ਸੇਵਾ ਨਬਾਈ।
ਸ਼ਹਾਦਤ: ਸੰਨ 1757 ਵਿੱਚ ਜਦੋਂ ਅਹਿਮਦ ਅਬਦਾਲੀ ਦੀਆਂ ਫ਼ੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ, ਤਾਂ 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਲੈ ਕੇ ਜ਼ਾਲਮਾਂ ਨਾਲ ਜੰਗ ਕੀਤੀ ਅਤੇ ਅੰਮ੍ਰਿਤਸਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ।
ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ
ਭਾਈ ਮਨੀ ਸਿੰਘ ਜੀ ਦਾ ਸੰਖੇਪ ਜੀਵਨ ਅਤੇ ਇਤਿਹਾਸ
ਜਨਮ ਅਤੇ ਪਰਿਵਾਰ: ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈ. ਨੂੰ ਭਾਈ ਮਾਈਦਾਸ ਜੀ ਦੇ ਘਰ ਮਾਤਾ ਮਧਰੀ (ਸੀਤੋ) ਦੀ ਕੁੱਖੋਂ ਮੁਲਤਾਨ ਨੇੜੇ ਅਲੀਪੁਰ ਵਿਖੇ ਹੋਇਆ।
ਗੁਰੂ ਸਾਹਿਬਾਨ ਦੀ ਸੇਵਾ: ਆਪ ਜੀ ਨੂੰ ਛੋਟੀ ਉਮਰ ਤੋਂ ਹੀ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਨਾਲ ਨੇੜਿਓਂਜੁੜੇ ਰਹੇ।
ਖ਼ਾਲਸਾ ਸਾਜਣਾ: 1699 ਈ. ਵਿੱਚ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗୋବਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ, ਤਾਂ ਆਪ ਜੀ ਨੇ ਖੰਡੇ ਦੀ ਪਾਹੁਲ ਲਈ ਅਤੇ ਮਨੀ ਰਾਮ ਤੋਂ ਭਾਈ ਮਨੀ ਸਿੰਘ ਬਣੇ।
ਗੁਰਬਾਣੀ ਦੀ ਲਿਖਾਰੀ ਸੇਵਾ: ਸਾਲ 1706 ਈ. ਵਿੱਚ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰਨ ਅਨੁਸਾਰ ਆਪ ਜੀ ਨੇ ਪਵਿੱਤਰ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਲਿਖਾਰੀ (ਸੰਪਾਦਨਾ) ਦੀ ਸੇਵਾ ਨिਭਾਈ।
ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ: 1721 ਈ. ਵਿੱਚ ਮਾਤਾ ਸੁੰਦਰੀ ਜੀ ਦੇ ਆਦੇਸ਼ ‘ਤੇ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਅਤੇ ਉੱਥੇ ਗੁਰੂ ਮਰਿਯਾਦਾ ਦੀ ਮੁੜ ਬਹਾਲੀ ਕੀਤੀ ਗਈ।
ਸ਼ਹਾਦਤ: 1738 ਈ. ਵਿੱਚ ਦੀਵਾਲੀ ਦੇ ਮੌਕੇ ‘ਤੇ ਸਿੱਖ ਸੰਗਤਾਂ ਦੇ ਇਕੱਠ ਸਬੰਧੀ ਮੁਗਲ ਹਕੂਮਤ (ਜ਼ਕਰੀਆ ਖ਼ਾਨ) ਦੀ ਸਾਜ਼ਿਸ਼ ਦਾ ਪਤਾ ਲੱਗਣ ‘ਤੇ, ਆਪ ਜੀ ਨੇ ਸੰਗਤਾਂ ਨੂੰ ਵੱਡੇ ਨੁਕਸਾਨ ਤੋਂ ਬਚਾਉਣ ਲਈ ਇਕੱਠ ਰੱਦ ਕਰਵਾ ਦਿੱਤਾ।
ਇਸ ਤੋਂ ਬਾਅਦ ਆਪ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸਲਾਮ ਕਬੂਲ ਨਾ ਕਰਨ ‘ਤੇ ਲਾਹੌਰ ਦੇ ਨਖਾਸ ਚੌਕ ਵਿਖੇ 14 ਜੂਨ 1738 ਈ. ਨੂੰ ਆਪ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਆਪ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ (ਲਾਹੌਰ ਅਤੇ ਹੋਰ ਸਥਾਨਾਂ ‘ਤੇ) ਆਪ ਜੀ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਹਨ।
ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਸ਼ਨੁਪੁਰੀ
ਵਿਸ਼ਨੁਪੁਰੀ ਅਤੇ ਗੁਰਦੁਆਰਾ ਨਾਨਕਸਾਰ ਸਾਹਿਬ
ਸਥਾਨ: ਵਿਸ਼ਨੁਪੁਰੀ ਨਾਂਦੇੜ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ-ਲਾਤੂਰ ਹਾਈਵੇਅ ‘ਤੇ ਸਥਿਤ ਹੈ।
ਗੁਰਦੁਆਰਾ ਨਾਨਕਸਾਰ ਸਾਹਿਬ (ਵਿਸ਼ਨੁਪੁਰੀ): ਵਿਸ਼ਨੁਪੁਰੀ ਵਿਖੇ ਇਤਿਹਾਸਕ ਗੁਰਦੁਆਰਾ ਸ਼੍ਰੀ ਨਾਨਕਸਾਰ ਸਾਹਿਬ ਸਥਿਤ ਹੈ।
ਮਾਨਤਾ: ਇਹ ਪਵਿੱਤਰ ਸਥਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਹੈ। ਇੱਥੇ ਇੱਕ ਪਵਿੱਤਰ ਬੇਰੀ ਦਾ ਰੁੱਖ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਬਿਦਰ ਜਾਂਦੇ ਸਮੇਂ ਠਹਿਰੇ ਸਨ ਅਤੇ ਨੌਂ ਦਿਨ ਤੇ ਨੌਂ ਘੰਟੇ ਭਗਤੀ ਕੀਤੀ ਸੀ।
ਅੰਗੀਠਾ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ
ਤਖ਼ਤ ਸੱਚਖੰਡ ਦੇ ਪਰਿਸਰ ਵਿਚ, ਤਖ਼ਤ ਸੱਚਖੰਡ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਸੱਜੇ ਪਾਸੇ ਅੰਗੀਠਾ ਭਾਈ ਦਇਆ ਸਿੰਘ ਅਤੇ ਅੰਗੀਠਾ ਭਾਈ ਧਰਮ ਸਿੰਘ ਦੇ ਅਸਥਾਨ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੰਗਾਂ ਯੁੱਧਾਂ ਵਿਚ ਜੂਝਦੇ ਹੋਏ ਆਖਰੀ ਸਮੇਂ ਗੁਰੂ ਸਾਹਿਬ ਜੀ ਨਾਲ ਨਾਂਦੇੜ ਦੀ ਧਰਤੀ ’ਤੇ ਪਹੁੰਚੇ ਸੀ।
ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਣ ਲਈ ਗੁਰੂ ਸਾਹਿਬ ਨੇ ਆਪਣੇ ਵਿਸ਼ਵਾਸ ਪਾਤਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੀ ਹੀ ਚੋਣ ਕੀਤੀ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਸਿੱਖ ਧਰਮ ਦਾ ਪ੍ਰਚਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ, ਇਨ੍ਹਾਂ ਨੇ ਵੀ ਨਾਂਦੇੜ ਸਾਹਿਬ ਵਿਚ ਹੀ ਆਪਣੀ ਸੰਸਾਰ ਯਾਤਰਾ ਪੂਰੀ ਕੀਤੀ ਸੀ। ਅੰਗੀਠਾ ਭਾਈ ਦਇਆ ਸਿੰਘ ਅਤੇ ਅੰਗੀਠਾ ਭਾਈ ਧਰਮ ਸਿੰਘ ਦੇ ਅਸਥਾਨ ਮਾਈ (ਮਾਤਾ ਭਾਗ ਕੌਰ) ਦੇ ਬੁੰਗੇ ਵਿਚ ਬਣੇ ਹੋਏ ਸਨ।
ਗੁਰਦੁਆਰਾ ਦਮਦਮਾ ਸਾਹਿਬ ਜੀ ਬਸਮਤ
ਗੁਰਦੁਆਰਾ ਦਮਦਮਾ ਸਾਹਿਬ (ਬਸਮਤ ਨਗਰ) ਦਾ ਪ੍ਰਬੰਧ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਅਧੀਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੱਖਣ ਦੀ ਯਾਤਰਾ ਵੇਲੇ ਆਗਰਾ, ਉਜੈਨ, ਬੁਰਹਾਨਪੁਰ, ਨਾਗਪੁਰ, ਬਾਲਾਪੁਰ, ਅਮਰਾਵਤੀ ਅਤੇ ਹਿੰਗੋਲੀ ਦੇ ਰਸਤੇ ਸੰਗਤ ਨੂੰ ਤਾਰਦੇ ਹੋਏ, ਸੰਨ ੧੭੦੮ (1708) ਵਿਚ ਬਸਮਤ ਨਗਰ ਪਹੁੰਚੇ। ਬੁਰਹਾਨਪੁਰ ਦੇ ਪੜਾਅ ਬਾਰੇ ਕਵੀ ਸੈਨਾਪਤਿ ਜ਼ਿਕਰ ਕਰਦੇ ਹਨ
ਇਹੈ ਹੋਇ ਬੀਤੀ ਤਹਾ ਕੀਤੇ ਦਿਵਸ ਬਿਹਾਇ॥
ਬੁਰਹਾਨੰ ਪੁਰ ਜਾਇ ਕੈ ਬਸੈ ਧਾਮ ਮੈ ਧਾਇ॥੨੯॥੭੬੫॥
ਬਸਮਤ ਨਗਰ ਵਿਚ ਗੁਰੂ ਸਾਹਿਬ ਨੇ ਇਕ ਖੁੱਲੀ ਇਕਾਂਤ ਅਤੇ ਸੁੰਦਰ ਥਾਂ ਵੇਖ ਕੇ ਡੇਰਾ ਕੀਤਾ ਤੇ ਤੰਬੂ ਲਾ ਦਿੱਤੇ। ਇਸ ਅਸਥਾਨ ਉਪਰ ਗੁਰੂ ਸਾਹਿਬ ਨੇ ਅੱਠ ਦਿਨ ਵਿਸ਼ਰਾਮ ਕੀਤਾ। ਸੰਗਤ ਬਸਮਤ ਨਗਰ ਦੇ ਪੜਾਅ ਬਾਰੇ ਸੁਣ ਕੇ ਦੂਰੋਂ ਦੂਰੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀ ਅਤੇ ਖੁਸ਼ੀਆਂ ਪ੍ਰਾਪਤ ਕਰਦੀ। ਬਸਮਤ ਨਗਰ ਦੇ ਪੜਾਅ ਬਾਰੇ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਹਨ
ਬਿਸਮਤਿ ਨਗਰ ਬਿਲੋਕਿ ਬਿਸਾਲਾ। ਤਿਸ ਕੇ ਨਿਕਟ ਸਿਵਰ ਕੋ ਘਾਲਾ।
ਆਠ ਦਿਵਸ ਤਹਿ ਕੀਨ ਮੁਕਾਮੂ।ਸੰਗਤਿ ਗੁਰ ਕੋ ਪਿਖਹਿ ਤਮਾਮੂ॥੧੭॥
ਇਹ ਇਤਿਹਾਸਿਕ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਲਗਪਗ ੩੦ (30) ਕਿਲੋਮੀਟਰ ਦੀ ਦੂਰੀ ‘ਤੇ ਮਹਾਰਾਸ਼ਟਰ ਦੇ ਜ਼ਿਲ੍ਹਾ ਹਿੰਗੋਲੀ ਦੇ ਬਸਮਤ ਨਗਰ ਵਿਚ ਸੁਸ਼ੋਭਿਤ ਹੈ। ਇਸ ਅਸਥਾਨ ਦੇ ਪੜਾਅ ਤੋਂ ਬਾਅਦ ਗੁਰੂ ‘ ਸਾਹਿਬ ਨੇ ਨਾਂਦੇੜ ਲਈ ਕੂਚ ਕੀਤਾ ਜਿੱਥੇ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੋਭਾ ਪਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਬਸਮਤ ਨਗਰ ਵਿਖੇ ‘ਗੁਰਦੁਆਰਾ ਦਮਦਮਾ ਸਾਹਿਬ’ ਦਾ ਪਵਿੱਤਰ ਅਸਥਾਨ ਬਣਿਆ ਹੋਇਆ ਹੈ।
ਗੁਰਦੁਆਰਾ ਗੋਬਿੰਦ ਬਾਗ ਸਾਹਿਬ
ਗੁਰਦੁਆਰਾ ਗੋਬਿੰਦ ਬਾਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਯਾਦ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ ਹੈ। ਇਹ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ੫ (5) ਨੰਬਰ ਗੇਟ ਤੋਂ ਕੁਝ ਹੀ ਦੂਰੀ ‘ਤੇ ਗੋਬਿੰਦ ਬਾਗ ਰੋਡ ਉਪਰ ਸਥਿਤ ਹੈ।ਇਸ ਇਤਿਹਾਸਿਕ ਅਸਥਾਨ ਦੀ ਸਾਰੀ ਵਿਵਸਥਾ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਇਸ ਜਗ੍ਹਾ ‘ਤੇ ਗੁਰੂ ਪਾਤਸ਼ਾਹ ਸਮੇਂ ਘਣਾ ਜੰਗਲ ਸੀ। ਅੰਮ੍ਰਿਤ ਵੇਲੇ ਦੀ ਮਰਿਆਦਾ ਤੋਂ ਬਾਅਦ ਗੁਰੂ ਪਾਤਸ਼ਾਹ ਸਵੇਰ ਦਾ ਕੁਝ ਸਮਾਂ ਇੱਥੇ ਹੀ ਗੁਜ਼ਾਰਦੇ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਸਮਾਉਣ ਸਮੇਂ ਚਿਖਾ ਦੇ ਲਈ ਚੰਦਨ ਦੀਆਂ ਲੱਕੜੀਆਂ ਇੱਥੋਂ ਹੀ ਲਿਆਂਦੀਆਂ ਸਨ। ਇਸ ਪਾਵਨ ਅਸਥਾਨ ਨੂੰ ਗੋਬਿੰਦ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਨ ੨੦੦੮ (2008) ਵਿਚ ਇਸ ਜਗ੍ਹਾਂ ਉੱਪਰ “੮ (8) ਏਕੜ ਵਿਚ ਬਹੁਤ ਖ਼ੂਬਸੂਰਤ ਗੋਬਿੰਦ ਬਾਗ ਬਣਾਇਆ ਗਿਆ ਹੈ ਜਿਹਦੇ ਵਿਚ ਸੰਗੀਤਕ ਫੁਹਾਰਿਆਂ ਨਾਲ ਸ਼ਿੰਗਾਰਿਆ ਹੋਇਆ ਅਤੇ ਖ਼ੇਜ਼ਰ-ਵੀਡੀਓ ਟੈਕਨਾਲੋਜੀ ਦੀ ਵਰਤੋਂ ਨਾਲ ਤਿਆਰ ਕੀਤਾ ਇਕ ਬਹੁਤ ਖੂਬਸੂਰਤ “ਲ਼ੇਜ਼ਰ ਸ਼ੋਅ” ਆਪਣੇ ਆਪ ਵਿਚ ਕਿਸੇ ਅਜੂਬੇ ਤੋਂ ਘੱਟ ਨਹੀ ਹੈ। ਜਿੱਥੋਂ ਗੁਰੂ ਪਾਤਸ਼ਾਹਾਂ ਦਾ ਇਕ ਪਰਮਾਤਮਾ ਅਤੇ ਸਾਂਝੇ ਭਾਈਚਾਰੇ ਦਾ ਸੰਦੇਸ਼ ਦੁਨੀਆ ਨੂੰ ਦਿੱਤਾ ਜਾ ਰਿਹਾ ਹੈ।” ਇਸ ਲ਼ੇਜਰ ਸ਼ੋਅ ਨੂੰ ਹਰ ਰੋਜ ਸ਼ਾਮ ੭:੩੦ (7:30) ਵਜੇ ਦਿਖਾਇਆ ਜਾਂਦਾ ਹੈ, ਜਿਸ ਦੀ ਪ੍ਰਦਰਸ਼ਨੀ ੫੦ (50) ਮਿੰਟ ਦੀ ਹੁੰਦੀ ਹੈ।
ਭਗਤ ਨਾਮਦੇਵ ਜੀ ਦਾ ਘਰ | 5500 ਸਾਲ ਪੁਰਾਣਾ ਮੰਦਿਰ |

ਜਨਮ ਅਸਥਾਨ (ਮਹਾਰਾਸ਼ਟਰ): ਆਪ ਜੀ ਦਾ ਜਨਮ 26 ਅਕਤੂਬਰ 1270 ਨੂੰ ਪਿੰਡ ਨਰਸੀ ਨਾਮਦੇਵ (ਜ਼ਿਲ੍ਹਾ ਹਿੰਗੋਲੀ, ਮਹਾਰਾਸ਼ਟਰ) ਵਿਖੇ ਹੋਇਆ ਸੀ। ਇੱਥੇ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਭਗਤ ਨਾਮਦੇਵ ਜੀ ਸੁਸ਼ੋਬਿਤ ਹੈ।
ਔਂਢਾ ਨਾਗਨਾਥ (ਮਹਾਰਾਸ਼ਟਰ): ਇੱਥੇ ਆਪ ਜੀ ਦੇ ਗੁਰੂ ਸੰਤ ਵਿਸੋਬਾ ਖੇਚਰ ਰਹਿੰਦੇ ਸਨ ਅਤੇ ਇੱਥੇ ਵੀ ਯਾਦਗਾਰੀ ਗੁਰਦੁਆਰਾ ਸਾਹਿਬ ਹੈ।
ਘੁਮਾਣ (ਪੰਜਾਬ): ਮਹਾਰਾਸ਼ਟਰ ਤੋਂ ਇਲਾਵਾ, ਭਗਤ ਨਾਮਦੇਵ ਜੀ ਪੰਜਾਬ ਆਏ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁਮਾਣ ਵਿਖੇ ਲੰਮਾ ਸਮਾਂ ਤਪੱਸਿਆ ਕੀਤੀ। ਇੱਥੇ ਇਤਿਹਾਸਕ ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ / ਦਰਬਾਰ ਸਾਹਿବ ਭਗਤ ਨਾਮਦੇਵ ਜੀ ਹੈ।
ਭਗਤ ਨਾਮਦੇਵ ਜੀ ਦਾ ਜਨਮ ਕਤਕ ਸੁਦੀ ੧੧ ੨੬ ਅਕ੍ਤੂਬਰ ੧੨੭੦ (26 ਅਕ੍ਤੂਬਰ 1270)ਦਿਨ ਐਂਤਵਾਰ ਦੇ ਦਿਨ ਪਿੰਡ ਨਰਸੀ ਨਾਮਦੇਵ ਜੀ ਵਿਖੇ ਛਿਂਬੇ ਕੁਲ ਵਿਚ ਹੋਇਆ | ਨਾਮਦੇਵ ਜੀ ਦਾ ਪੂਰਾ ਨਾਮ ਦਾਮਜੀ ਰੇਲੇਕਰ ਸੀ | ਨਾਮਦੇਵ ਜੀ ਵਿਠਲ ਭਗਵਾਨ ( ਕ੍ਰਿਸ਼ਨ ਜੀ ) ਦੇ ਉਪਾਸਕ ਸਨ | ਉਹਨਾਂ ਦੇ ਪਿਤਾ ਜੀ ਨਾਮ ਦਾਮਾ ਜੀ ਅਤੇ ਮਾਤਾ ਜੀ ਦਾ ਨਾਮ ਗੋਨਾ ਬਾਈ ਸੀ | ਭਗਤ ਜੀ ਦੇ ਪਿਤਾ ਜੀ ਵਿਸ਼ ਨੂੰ ਭਗਵਾਨ ਨੂੰ ਭੋਗ ਲੱਗਾ ਕੇ ਹੀ ਅੰਨ ਦਾ ਦਾਣਾ ਛਕਦੇ ਸੀ | ਇਕ ਦਿਨ ਕਾਰ ਵਿਹਾਰ ਦੇ ਸਿਲ ਸਿਲੇ ਵਿਚ ਉਹਨਾਂ ਨੂੰ ਕਿਸੇ ਦੂਰ ਪਿੰਡ ਜਾਣਾ ਪਿਆ | ਭੋਗ ਲਾਉਣ ਦੀ ਜ਼ਿਮੇਵਾਰੀ ਉਹਨਾਂ ਨੇ ਬਾਲ ਨਾਮਦੇਵ ਜੀ ਨੂੰ ਦੇ ਦਿੱਤੀ ਭੋਗ ਦੀ ਥਾਲੀ ਲੈ ਕੇ ਕੇਸਰੀ ਰਾਜ ਜੀ ਦੇ ਮੰਦਿਰ ਵਿਚ ਜਾ ਕੇ ਬੜੇ ਹੀ ਸਿਦਕ ਅਤੇ ਸ਼ਰਧਾ ਨਾਲ ਯਥਾ ਸ਼ਕਤੀ ਪੂਜਾ ਕਰਕੇ ਉਹਨਾਂ ਦੇ ਅੱਗੇ ਥਾਲੀ ਰਖ ਦਿੱਤੀ | ਭਗਵਾਨ ਜੀ ਦੀ ਮੂਰਤੀ ਹਿਲ ਦੀ ਜੁਲ ਦੀ ਨਹੀਂ ਸੀ ਅਤੇ ਨਾਂ ਹੀ ਪ੍ਰਸ਼ਾਦ ਛਕਿਆ | ਨਾਮਦੇਵ ਜੀ ਨੂੰ ਪ੍ਰਤੀਤ ਹੋਇਆ ਜਿਂਵੇ ਕੇ ਕੋਈ ਵਡੀ ਵਿਪਦਾ ਹੋਵੇ | ਭਗਵਾਨ ਜੀ ਰੋਜ ਪ੍ਰਸ਼ਾਦ ਸ਼ਕਦੇ ਹਨ ਅਤੇ ਅਜ ਨਹੀਂ ਛਕ ਰਹੇ | ਭਗਤ ਜੀ ਭਗਵਾਨ ਦੇ ਅੱਗੇ ਬੜੀਆਂ ਅਰਦਾਸਾਂ ਕਿਤੀਆਂ ਪਰ ਭਗਵਾਨ ਨੇ ਫ਼ੇਰ ਵੀ ਪ੍ਰ੍ਸ਼ਾਦ ਨਹੀਂ ਛਕਿਆ | ਭਗਤ ਜੀ ਨੇ ਚੇਤਾਵਨੀ ਦਿੱਤੀ ਕੇ ਜੇ ਤੁਸੀਂ ਮੇਰੇ ਹਥੋਂ ਪ੍ਰਸ਼ਾਦ ਛਕਕੇ ਕੋਲੀ ਵਿਚੋਂ ਦੁੱਧ ਨਹੀਂ ਛਕੋਗੇ ਤਾਂ ਮੈਂ ਇਥੇ ਹੀ ਪ੍ਰਾਣ ਤਿਆਗ ਦੇਵਾਂਗਾ | ਭਗਵਾਨ ਨੇ ਭਗਤ ਜੀ ਦੀ ਭਗਤੀ ਦੇਖਕੇ ਸਾਕਾਰ ਰੂਪ ਲੈਕੇ ਦੁੱਧ ਪੀਤਾ
ਔਂਧਾ ਨਾਗਨਾਥ ਮੰਦਿਰ ਵਿਖੇ ਭਗਤ ਜੀ ਦੇ ਗੁਰੂ ਵਿਸੋਬਾ ਖੇਚਰ ਰਹਿੰਦੇ ਸਨ ਜਿਹਨਾਂ ਨੇ ਭਗਤ ਜੀ ਨੂੰ ਨਿਰਗੁਣ ਪ੍ਰਮੇਸ਼ਰ ਦੀ ਪਹਿਚਾਣ ਕਰਵਾਈ ਸੀ । ਉਸ ਮੰਦਰ ਦੇ ਹਿੰਦੂ ਪੁਜਾਰੀ ਜਾਤ-ਪਾਤ ਵਿੱਚ ਵਿਸ਼ਵਾਸ ਰੱਖਦੇ ਸਨ। ਮੰਦਰ ਵਿੱਚ ਪਹੁੰਚ ਕੇ ਨਾਮਦੇਵ ਨੇ ਬੈਠ ਕੇ ਭਗਵਾਨ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਪਰ ਹਿੰਦੂ ਪੁਜਾਰੀਆਂ ਨੇ ਉਹਨਾਂ ਦੀ ਬਾਂਹ ਫੜ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਪੁਜਾਰੀਆਂ ਨੇ ਕਿਹਾ ਕਿ ਨਾਮਦੇਵ ਨੀਵੇਂ ਵਰਗ ਦੇ ਹੋਣ ਕਾਰਕੇ ਮੰਦਰ ਨਹੀਂ ਜਾ ਸਕਦੇ। ਨਾਮਦੇਵ ਜੀ ਨੂੰ ਇਸ ਗਲ ਦੀ ਡੂੰਘੀ ਸੱਟ ਲੱਗੀ ਇਸ ਲਈ ਉਹ ਮੰਦਰ ਦੇ ਪਿਛਲੇ ਪਾਸੇ ਜਾ ਕੇ ਭਗਵਾਨ ਦੀ ਪੂਜਾ ਕਰਨ ਲੱਗੇ। ਆਪਣੀ ਪ੍ਰਾਰਥਨਾ ਵਿੱਚ ਉਹਨਾਂ ਨੇ ਕਿਹਾ
“ਹੇ ਪ੍ਰਭੂ, ਖੁਸ਼ੀ ਨਾਲ, ਮੈਂ ਤੁਹਾਡੇ ਮੰਦਰ ਵਿੱਚ ਆਇਆ ਹਾਂ। ਜਦੋਂ ਨਾਮਦੇਵ ਪੂਜਾ ਕਰ ਰਹੇ ਸੀ, ਉਹਨਾਂ ਬਾਹਰ ਕੱਢ ਦਿੱਤਾ ਗਿਆ ਸੀ। ਹੇ ਪ੍ਰਭੂ, ਮੈਂ ਇੱਕ ਨੀਵੀਂ ਜਾਤ ਦਾ ਹਾਂ; ਮੈਂ ਕੱਪੜੇ ਰੰਗਣ ਵਾਲੇ ਪਰਿਵਾਰ ਵਿੱਚ ਕਿਉਂ ਪੈਦਾ ਹੋਇਆ ਸੀ? ਮੈਂ ਆਪਣਾ ਕੰਬਲ ਚੁੱਕਿਆ ਅਤੇ ਮੰਦਰ ਦੇ ਪਿੱਛੇ ਬੈਠਣ ਲਈ ਚਲੇ ਗਏ ਨਾਮਦੇਵ ਨੇ ਇਹ ਵੀ ਕਿਹਾ: “ਹੇ ਪ੍ਰਭੂ, ਕਿਰਪਾ ਕਰਕੇ ਮੈਨੂੰ ਨਾ ਭੁੱਲੋ ਕਿਉਂਕਿ ਜੇ ਤੁਸੀਂ ਮੈਨੂੰ ਭੁੱਲ ਜਾਂਦੇ ਹੋ ਤਾਂ ਮੈਂ ਕਿੱਥੇ ਜਾਵਾਂ। ਇੱਥੇ ਜਾਣ ਲਈ ਹੋਰ ਕਿਤੇ ਨਹੀਂ ਹੈ ਅਤੇ ਤੁਹਾਡੇ ਤੋਂ ਬਿਨਾਂ ਹੋਰ ਕੋਈ ਵਿਸ਼ਵਾਸ ਕਰਨ ਵਾਲਾ ਨਹੀਂ ਹੈ।” ਉਹਨਾਂ ਨੇ ਅੱਗੇ ਪ੍ਰਾਰਥਨਾ ਕੀਤੀ: “ਕਿਰਪਾ ਕਰਕੇ ਮੈਨੂੰ ਨਾ ਭੁੱਲੋ, ਮੈਨੂੰ ਨਾ ਭੁੱਲੋ, ਹੇ ਪ੍ਰਭੂ, ਕਿਰਪਾ ਕਰਕੇ ਮੈਨੂੰ ਨਾ ਭੁੱਲੋ। ਮੰਦਰ ਦੇ ਪੁਜਾਰੀਆਂ ਨੂੰ ਇਸ ਬਾਰੇ ਸ਼ੱਕ ਹੈ, ਅਤੇ ਹਰ ਕੋਈ ਮੇਰੇ ਨਾਲ ਗੁੱਸੇ ਹੈ ਅਤੇ ਮੈਨੂੰ ਨੀਵੀਂ ਜਾਤ ਅਤੇ ਅਛੂਤ ਕਹਿ ਕੇ ਕੁੱਟਦਾ ਹੈ। ਮੈਨੂੰ ਅਤੇ ਮੈਨੂੰ ਬਾਹਰ ਕੱਢ ਦਿੱਤਾ, ਹੇ ਪਿਆਰੇ ਪਿਤਾ ਪ੍ਰਭੂ, ਮੈਂ ਹੁਣ ਕੀ ਕਰਾਂ? ਜੇ ਤੁਸੀਂ ਮੇਰੇ ਮਰਨ ਤੋਂ ਬਾਅਦ ਮੈਨੂੰ ਮੁਕਤੀ ਦੇ ਦਿਓ, ਤਾਂ ਕੋਈ ਨਹੀਂ ਜਾਣੇਗਾ ਕਿ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ, ਇਹ ਪੁਜਾਰੀ, ਇਹ ਧਾਰਮਿਕ ਵਿਦਵਾਨ, ਮੈਨੂੰ ਨੀਵਾਂ ਕਹਿੰਦੇ ਹਨ; ਜਦੋਂ ਉਹ ਇਹ ਕਹਿੰਦੇ ਹਨ, ਉਹ ਤੁਹਾਡੀ ਇੱਜ਼ਤ ਨੂੰ ਵੀ ਖਰਾਬ ਕਰਦੇ ਹਨ, ਤੁਸੀਂ ਦਿਆਲੂ ਅਤੇ ਦਇਆਵਾਨ ਕਹਾਉਂਦੇ ਹੋ,
ਇਸ ਤੋਂ ਬਾਅਦ ਉਹ ਮੰਦਰ ਦਾ ਮੁਖ ਦਵਾਰ ਪੂਰਾ ਘੁੰਮਕੇ ਪੱਛਮ ਵੱਲ ਹੋ ਗਿਆ ਜਿਸ ਪਾਸੇ ਭਗਤ ਜੀ ਬੈਠੇ ਸੀ | ਜ਼ਿਆਦਾਤਰ ਹਿੰਦੂ ਮੰਦਰਾਂ ਵਿੱਚ, ਪਾਣੀ ਦਾ ਤਲਾਬ (“ਕੁਬ”) ਆਮ ਤੌਰ ‘ਤੇ ਮੰਦਰ ਦੇ ਸਾਹਮਣੇ ਸਥਿਤ ਹੁੰਦਾ ਹੈ ਪਰ ਇਸ ਨੂੰ ਮੰਦਰ ਦੇ ਪਿਛਲੇ ਪਾਸੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਜ਼ਿਆਦਾਤਰ ਮੰਦਰਾਂ ਦਾ ਮੂੰਹ ਪੂਰਬ ਵੱਲ ਹੈ ਕਿਉਂਕਿ ਇਹ ਹਿੰਦੂ ਧਰਮ ਵਿਚ ਸਭ ਤੋਂ ਸ਼ੁਭ ਦਿਸ਼ਾ ਹੈ ਕਿਉਂਕਿ ਸੂਰਜ ਪੂਰਬ ਤੋਂ ਚੜ੍ਹਦਾ ਹੈ ਅਤੇ ਸੂਰਜ ਨੂੰ ਹਨੇਰੇ ਦਾ ਨਾਸ਼ ਕਰਨ ਵਾਲਾ ਅਤੇ ਜੀਵਨ ਦੇਣ ਵਾਲਾ ਮੰਨਿਆ ਜਾਂਦਾ ਹੈ। ਔਂਧਾ ਨਾਗਨਾਥ ਮੰਦਰ ਪੱਛਮ ਵੱਲ ਹੈ।
ਸੰਤ ਵਿਸੋਬਾ ਖੇਚਰ ਦੇ ਉਪਦੇਸ਼ ਅਨੁਸਾਰ ਭਗਤ ਨਾਮ ਦੇਵ ਜੀ ਸੰਤ ਦਿਆਨੇਸ਼ਵਰ ਦੇ ਨਾਲ ਸਮੁਚੇ ਭਾਰਤ ਦੀ ਯਾਤਰਾ ਕਿਤੀ | ਸੰਤ ਦਿਆਨੇਸ਼ਵਰ ਦੇ ਸਮਾਧੀ ਲੈਣ ਤੋਂ ਬਾਅਦ ਭਗਤ ਜੀ ਨੇ ਪੰਜਾਬ ਆਕੇ ਜ਼ਿੱਲਾ ਗੁਰਦਾਸਪੁਰ ਦੇ ਪਿੰਡ ਘੁਮਾਣ ਇਥੇ ਡੇਰਾ ਕੀਤਾ | ਪੰਜਾਬ ਵਿਚ ਉਹਨਾਂ ਨੇ ੧੮ (18) ਸਾਲ ਬੰਦਗੀ ਕਿਤੀ | ਭਗਤ ਜੀ ਦੀ ਬਹੁਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਇਥੇ ਰਹਿੰਦਿਆ ਭਗਤ ਜੀ ਨੇ ਕਈ ਕੋਤਕ ਕੀਤੇ
ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ (ਕਰਨਾਟਕ)

ਗੁਰੂ ਨਾਨਕ ਦੇਵ ਜੀ ਦੀ ਫੇਰੀ: ਸਿੱਖ ਇਤਿਹਾਸ ਅਨੁਸਾਰ, ਪਹਿਲੇ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ (ਧਰਮ ਪ੍ਰਚਾਰ ਫੇਰੀ) ਦੌਰਾਨ 1510–1514 ਈਸਵੀ ਦੇ ਆਸ-ਪਾਸ ਬਿਦਰ ਪਹੁੰਚੇ ਸਨ।
ਪਾਣੀ ਦੀ ਕਿੱਲਤ ਅਤੇ ਚਸ਼ਮਾ: ਉਸ ਸਮੇਂ ਬਿਦਰ ਵਿੱਚ ਪਾਣੀ ਦੀ ਭਾਰੀ ਸਮੱਸਿਆ ਸੀ ਅਤੇ ਲੋਕ ਪਾਣੀ ਲਈ ਬਹੁਤ ਪਰੇਸ਼ਾਨ ਸਨ। ਲੋਕਾਂ ਦੀ ਬੇਨਤੀ ‘ਤੇ, ਗੁਰੂ ਨਾਨਕ ਸਾਹਿਬ ਨੇ ਆਪਣੀ ਕਿਰਪਾ ਨਾਲ ਪਹਾੜੀ ਦੀ ਇੱਕ ਚੱਟਾਨ ਨੂੰ ਛੂਹਿਆ, ਜਿਸ ਨਾਲ ਉੱਥੋਂ ਮਿੱठे ਅਤੇ ਸਾਫ਼ ਪਾਣੀ ਦਾ ਇੱਕ ਚਸ਼ਮਾ ਵਗਣ ਲੱਗਿਆ। ਇਸ ਚਸ਼ਮੇ ਨੂੰ ‘ਨਾਨਕ ਝੀਰਾ’ ਕਿਹਾ ਜਾਂਦਾ ਹੈ।
ਅੰਮ੍ਰਿਤ ਕੁੰਡ: ਇਸ ਚਸ਼ਮੇ ਦਾ ਪਾਣੀ ਇੱਕ ਪਵਿੱਤਰ ਸਰੋਵਰ ਯਾਨੀ ‘ਅੰਮ੍ਰਿਤ ਕੁੰਡ’ ਵਿੱਚ ਇਕੱਠਾ ਹੁੰਦਾ ਹੈ। ਸ਼ਰਧਾਲੂ ਇੱਥੇ ਇਸ਼ਨਾਨ ਕਰਦੇ ਹਨ ਅਤੇ ਇਸ ਜਲ ਨੂੰ ਪਵਿੱਤਰ ਅੰਮ੍ਰਿਤ ਵਜੋਂ ਮੰਨਦੇ ਹਨ।
ਭਾਈ ਸਾਹਿਬ ਸਿੰਘ ਜੀ ਦਾ ਜਨਮ ਸਥਾਨ: ਇਹ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ‘ਪੰਜ ਪਿਆਰਿਆਂ’ ਵਿੱਚੋਂ ਇੱਕ, ਭਾਈ ਸਾਹਿਬ ਸਿੰਘ ਜੀ ਦਾ ਜਨਮ ਸਥਾਨ ਵੀ ਹੈ।
ਗੁਰਦੁਆਰਾ ਸਾਹਿਬ ਦੀ ਇਮਾਰਤ: ਮੌਜੂਦਾ ਮੁੱਖ ਗੁਰਦੁਆਰਾ ਸਾਹਿਬ (ਹਰਮିਦੰਰ ਸਾਹਿਬ) ਦੀ ਸ਼ਾਨਦਾਰ ਇਮਾਰਤ 1966 ਵਿੱਚ ਬਣਾਈ ਗਈ ਸੀ, ਜਦੋਂ ਕਿ ਇਸ ਅਸਥਾਨ ਦਾ ਪ੍ਰਬੰਧ 1948 ਵਿੱਚ ਸਿੱਖਾਂ ਦੇ ਹੱਥ ਆਇਆ ਅਤੇ 20 ਨਵੰਬਰ 1950 ਦੇ ਅਦਾਲਤੀ ਫ਼ੈਸਲੇ ਬਾਅਦ ਪੂਰੀ ਤਰ੍ਹਾਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਅਧੀਨ ਆਇਆ।
ਵਿਕਾਸ: ਮੌਜੂਦਾ ਗੁਰਦੁਆਰਾ ਇਮਾਰਤ 1948 ਵਿੱਚ ਤਿਆਰ ਕੀਤੀ ਗਈ ਸੀ। ਇਹ ਸਥਾਨ ਨਾ ਸਿਰਫ਼ ਸਿੱਖਾਂ ਲਈ, ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਸ਼ਰਧਾ ਦਾ ਕੇਂਦਰ ਹੈ। ਇੱਥੇ ਉਹ ਪਵਿੱਤਰ ਜਲ ਸੋਮਾ ਅੱਜ ਵੀ ਮੌਜੂਦ ਹੈ ਜੋ ਹਜ਼ਾਰਾਂ ਲੋਕਾਂ ਦੀ ਪਿਆਸ ਬੁਝਾਉਂਦਾ ਹੈ।
ਚਾਰ ਉਦਾਸੀਆਂ ਅਤੇ ਉਨ੍ਹਾਂ ਨਾਲ ਸਬੰਧਤ ਮੁੱਖ ਸ਼ਹਿਰਾਂ ਤੇ ਸਥਾਨਾਂ ਦੀ ਸੂਚੀ

1. ਪਹਿਲੀ ਉਦਾਸੀ (ਪੂਰਬ ਦਿਸ਼ਾ ਵੱਲ – 1500 ਤੋਂ 1506 ਈ.)
- ਸੁਲਤਾਨਪੁਰ ਲੋਧੀ (ਯਾਤਰਾ ਦਾ ਆਰੰਭ ਸਥਾਨ)
- ਸੈਦਪੁਰ (ਐਮਨਾਬਾਦ) (ਪਾਕਿਸਤਾਨ – ਜਿੱਥੇ ਭਾਈ ਲਾਲੋ ਜੀ ਨੂੰ ਤਾਰਿਆ)
- ਤੁਲੰਬਾ (ਜਿੱਥੇ ਸੱਜਣ ਠੱਗ ਦਾ ਉਧਾਰ ਕੀਤਾ)
- ਪਾਨੀਪਤ
- ਦਿੱਲੀ
- ਹਰਿਦੁਆਰ (ਜਿੱਥੇ ਪਿੱਤਰਾਂ ਨੂੰ ਪਾਣੀ ਦੇਣ ਦੀ ਰੀਤ ਨੂੰ ਸਮਝਾਇਆ)
- ਗੋਰਖਮਤਾ (ਹੁਣ ਨਾਨਕਮਤਾ)
- ਬਨਾਰਸ (ਵਾਰਾਣਸੀ)
- ਗਯਾ
- ਪਟਨਾ
- ਢਾਕਾ (ਬੰਗਲਾਦੇਸ਼)
- ਧੁਬਰੀ ਅਤੇ ਕਾਮਰੂਪ (ਆਸਾਮ – ਜਿੱਥੇ ਜਾਦੂਗਰਨੀ ਨੂਰਸ਼ਾਹ ਦਾ ਹੰਕਾਰ ਟੁੱਟਿਆ)
- ਜਗੰਨਾਥ ਪੁਰੀ (ਓੜੀਸਾ – ਜਿੱਥੇ ਗੁਰੂ ਜੀ ਨੇ ਕੁਦਰਤੀ ਆਰਤੀ “ਗਗਨ ਮੈ ਥਾਲੁ” ਉਚਾਰਨ ਕੀਤੀ)
2. ਦੂਜੀ ਉਦਾਸੀ (ਦੱਖਣ ਦਿਸ਼ਾ ਵੱਲ – 1506 ਤੋਂ 1513 ਈ.)
- ਕੱਟਕ
- ਗੰਟੂਰ
- ਕਾਂਜੀਪੁਰਮ
- ਨਾਗਪਟਨਮ
- ਤ੍ਰਿਨਕੋਮਲੀ, ਕਤਰਗਾਮਾ, ਬੱਡੁਲਾਨਗਰ (ਸ੍ਰੀ ਲੰਕਾ – ਜਿੱਥੇ ਰਾਜਾ ਸ਼ਿਵਨਾਭ ਨੂੰ ਤਾਰਿਆ)
- ਰਮੇਸ਼ਵਰਮ
- ਬਿਦਰ (ਕਰਨਾਟਕ – ਜਿੱਥੇ ਗੁਰੂ ਜੀ ਨੇ ਮਿੱਠੇ ਪਾਣੀ ਦਾ ਚਸ਼ਮਾ ਚਲਾਇਆ)
- ਨਾਂਦੇੜ (ਮਹਾਰਾਸ਼ਟਰ)
- ਨਾਸਿਕ
- ਉੱਜੈਨ
- ਦਵਾਰਕਾ ਅਤੇ ਅਹਿਮਦਾਬਾਦ (ਗੁਜਰਾਤ)
- ਅਜਮੇਰ ਅਤੇ ਚਿਤੌੜਗੜ੍ਹ (ਰਾਜਸਥਾਨ)
3. ਤੀਜੀ ਉਦਾਸੀ (ਉੱਤਰ ਦਿਸ਼ਾ ਵੱਲ – 1514 ਤੋਂ 1518 ਈ.)
- ਬਿਲਾਸਪੁਰ ਅਤੇ ਮੰਡੀ
- ਰਿਵਾਲਸਰ
- ਮਨੀਕਰਨ (ਹਿਮਾਚਲ ਪ੍ਰਦੇਸ਼)
- ਸੁਮੇਰ ਪਰਬਤ ਅਤੇ ਮਾਨਸਰੋਵਰ ਝੀਲ
- ਤਿੱਬਤ ਅਤੇ ਲਹਾਸਾ
- ਲਦਾਖ ਅਤੇ ਲੇਹ
- ਸਕਾਰਦੂ ਅਤੇ ਕਾਰਗਿਲ
- ਅਮਰਨਾਥ ਅਤੇ ਪਹਿਲਗਾਮ
- ਸ੍ਰੀਨਗਰ ਅਤੇ ਬਾਰਾਮੂਲਾ (ਕਸ਼ਮੀਰ)
- ਹਸਨ ਅਬਦਾਲ (ਪਾਕਿਸਤਾਨ – ਜਿੱਥੇ ਪੰਜਾ ਸਾਹਿਬ ਸਥਿਤ ਹੈ ਅਤੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ)
- ਸਿਆਲਕੋਟ
4. ਚੌਥੀ ਉਦਾਸੀ (ਪੱਛਮ ਦਿਸ਼ਾ ਵੱਲ – 1519 ਤੋਂ 1521 ਈ.)
- ਪਾਕਪਟਨ (ਜਿੱਥੇ ਬਾਬਾ ਫਰੀਦ ਜੀ ਦੇ ਗੱਦੀ-ਨਸ਼ੀਨ ਸ਼ੇਖ ਬ੍ਰਹਮ ਨਾਲ ਮੁਲਾਕਾਤ ਹੋਈ)
- ਮੁਲਤਾਨ (ਜਿੱਥੇ ਪੀਰਾਂ ਨੂੰ ਦੁੱਧ ਦੇ ਕਟੋਰੇ ਵਿੱਚ ਚਮੇਲੀ ਦਾ ਫੁੱਲ ਰੱਖ ਕੇ ਸੰਦੇਸ਼ ਦਿੱਤਾ)
- ਸੱਖਰ (ਸਿੰਧ)
- ਕਰਾਚੀ ਅਤੇ ਲਖਪਤ
- ਹਿੰਗਲਾਜ ਮੰਦਰ (ਬਲੋਚਿਸਤਾਨ)
- ਜੱਦਾ, ਮੱਕਾ ਅਤੇ ਮਦੀਨਾ (ਸਾਊਦੀ ਅਰਬ – ਜਿੱਥੇ ਕਾਬੇ ਨੂੰ ਘੁਮਾਉਣ ਦਾ ਕੌਤਕ ਵਰਤਿਆ ਅਤੇ ਰੱਬ ਦੇ ਹਰ ਦਿਸ਼ਾ ਵਿੱਚ ਹੋਣ ਦਾ ਉਪਦੇਸ਼ ਦਿੱਤਾ)
- ਬਗਦਾਦ (ਇਰਾਕ – ਜਿੱਥੇ ਬਹਿਲੋਲ ਸ਼ਾਹ ਸੂਫੀ ਨਾਲ ਮੁਲਾਕਾਤ ਹੋਈ)
- ਬਾਕੂ (ਅਜ਼ਰਬੈਜਾਨ)
- ਤੇਹਰਾਨ (ਈਰਾਨ)
- ਕਾਬਲ ਅਤੇ ਕੰਧਾਰ (ਅਫ਼ਗ਼ਾਨਿਸਤਾਨ)
- ਪੇਸ਼ਾਵਰ
